ਸਿਡਨੀ:ਇੱਥੇ ਆਸਟਰੇਲੀਆ ਵਿੱਚ ਸਟੱਡੀ ਵੀਜ਼ਾ ’ਤੇ ਆਏ ਪੰਜਾਬੀ ਵਿਦਿਆਰਥੀਆਂ ਨੇ ਆਪਣੇ ਦੁੱਖੜੇ ਸਾਂਝੇ ਕੀਤੇ ਹਨ। ਉਹ ਏਜੰਟਾਂ ਵੱਲੋਂ ਦਿਖਾਏ ਸਬਜ਼ਬਾਗਾਂ ਨੂੰ ਕੋਸ ਰਹੇ ਹਨ ਤੇ ਮਹਿੰਗਾਈ ਦੀ ਮਾਰ ਝੱਲਦਿਆਂ ਰੋਜ਼ਾਨਾ ਮੁਸ਼ਕਲਾਂ ਦੇ ਹੱਲ ਲਈ ਜੂਝ ਰਹੇ ਹਨ। ਮਾਂ-ਪਿਓ ਵੱਲੋਂ ਕਰਜ਼ਾ ਚੁੱਕ ਕੇ ਸੁਨਹਿਰੀ ਭਵਿੱਖ ਲਈ ਭੇਜੇ ਬੱਚਿਆਂ ਦਾ ਭਵਿੱਖ ਡਾਵਾਂਡੋਲ ਹੈ। ਵਿਦਿਆਰਥੀਆਂ ਦੀ ਮਦਦ ਲਈ ਕਈ ਗੁਰਦੁਆਰੇ ਅੱਗੇ ਆਏ ਹਨ।
ਇੱਕ ਗੁਰਦੁਆਰੇ ਦੇ ਕਮਿਊਨਿਟੀ ਸੈਂਟਰ ਵਿੱਚ ਅੰਮ੍ਰਿਤਸਰ ਵਾਸੀ ਹਰਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾ ਮਸਲਾ ਢਿੱਡ ਦੀ ਭੁੱਖ ਹੈ।
ਸਿਰ ਛੁਪਾਉਣ ਲਈ ਕਿਰਾਏ ਉੱਤੇ ਮਕਾਨ ਮਿਲਣਾ ਸੌਖਾ ਕੰਮ ਹੈ ਜਦਕਿ ਰੀਅਲ ਅਸਟੇਟਾਂ ਦੀਆਂ ਸ਼ਰਤਾਂ ਪੇਚੀਦਾ ਹਨ। ਵਿਦਿਆਰਥੀਆਂ ਕੋਲ ਪੱਕਾ ਰੁਜ਼ਗਾਰ ਨਾ ਹੋਣਾ ਸਮੱਸਿਆ ਹੈ। ਵਧੇਰੇ ਨੌਕਰੀਆਂ ਦੀ ਪੇਅ-ਸਲਿੱਪ ਨਹੀਂ ਹੈ। ਮਕਾਨ ਮਾਲਕ ਕਿਰਾਇਆਂ ਦੀ ਗਾਰੰਟੀ ਮੰਗਦੇ ਹਨ। ਮਕਾਨਾਂ ਦੀ ਥੁੜ੍ਹ ਕਾਰਨ ਮਨਮਰਜ਼ੀ ਦਾ ਭੁਗਤਾਨ ਕਰਨਾ ਪੈਂਦਾ ਹੈ।
ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਦੇ ਵਿਦਿਆਰਥੀਆਂ ਹਰਜੋਤ ਕੌਰ, ਭਵਿਤਾ ਦੇਵੀ ਤੇ ਮਧੂ ਸ਼ਬਾਨਾ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ ਕੰਮ ਲੱਭਣਾ ਖਾਸ ਕਰਕੇ ਲੜਕੀਆਂ ਲਈ ਬਹੁਤ ਔਖਾ ਹੈ।
ਸੁਨੀਤਾ ਦੇਵੀ ਪਿੱਜ਼ਾ ਬਣਾਉਣ ਵਾਲੀ ਦੁਕਾਨ ਉੱਤੇ ਕੰਮ ਕਰਦੀ ਹੈ। ਉਹ ਰਾਤ ਦੇ ਗਿਆਰਾਂ ਵਜੇ ਕੰਮ ਤੋਂ ਵਿਹਲੀ ਹੋ ਕੇ ਰੇਲਗੱਡੀ ਰਾਹੀਂ ਅੱਧੀ ਰਾਤ ਤੋਂ ਬਾਅਦ ਘਰ ਪੁੱਜਦੀ ਹੈ। ਸਵੇਰੇ 6 ਵਜੇ ਉੱਠ ਕੇ ਸਿੱਖਿਆ ਸੰਸਥਾਨ ਵੱਲ ਮਨ ਤਕੜਾ ਕਰ ਕੇ ਜਾਣਾ ਪੈਦਾ ਹੈ। ਇਹ ਸਿਲਸਿਲਾ ਰੋਜ਼ਮੱਰ੍ਹਾ ਦਾ ਹੈ। ਉਸ ਸਮੇਤ ਹੋਰ ਵੀ ਵਿਦਿਆਰਥੀ ਆਪਣੇ ਦੁੱਖ ਪਿੱਛੇ ਆਪਣੇ ਮਾਪਿਆਂ ਨੂੰ ਨਹੀਂ ਦੱਸਦੇ।
ਵਿਦਿਆਰਥੀਆਂ ਅਨੁਸਾਰ ਗੁਰਦੁਆਰੇ ਹੀ ਉਨ੍ਹਾਂ ਦੀ ਬਾਂਹ ਫੜ ਰਹੇ ਹਨ। ਗੁਰਦੁਆਰਿਆਂ ਦੇ ਆਗੂਆਂ ਨੇ ਵੀ ਕਿਹਾ ਕਿ ਵਿਦਿਆਰਥੀਆਂ ਤੋਂ ਇਲਾਵਾ ਲੋੜਵੰਦਾਂ ਵਾਸਤੇ ਵੀ ਗੁਰੂ ਘਰ ’ਚੋਂ ਲੰਗਰ ਮਿਲਦਾ ਹੈ।