ਬੇਸ਼ੱਕ ਸਿਹਤ ਵਿਭਾਗ ਵੱਲੋਂ ਲੋਕਾਂ ਵਿਚ ਜਾਗਰੂਕਤਾ ਫ਼ੈਲਾਉਣ ਲਈ ਸਮੇਂ-ਸਮੇਂ ’ਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਦਸਤ ਅਤੇ ਡਾਇਰੀਆ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਡਾਇਰੀਆ ਕੰਟਰੋਲ ਪ੍ਰੋਗਰਾਮ ਤਹਿਤ ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ, ਜੇਕਰ ਬੱਚੇ ਡਾਇਰੀਆ ਤੋਂ ਪੀੜਤ ਹੋਣ ਤਾਂ ਉਨ੍ਹਾਂ ਨੂੰ ਓ. ਆਰ. ਐੱਸ. ਦਾ ਘੋਲ ਦਿੱਤਾ ਜਾਵੇ ਅਤੇ ਨਜ਼ਦੀਕੀ ਸਿਹਤ ਕੇਂਦਰ ਤੋਂ ਇਲਾਜ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਦਸਤ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਸਾਫ਼ ਪਾਣੀ ਪੀਣਾ ਯਕੀਨੀ ਬਣਾਇਆ ਜਾਵੇ ਅਤੇ ਘਰ ਦੇ ਬਣੇ ਭੋਜਨ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਪੇਟ ’ਚ ਇਨਫੈਕਸ਼ਨ ਨਾ ਹੋਵੇ ਪਰ ਫਿਰ ਵੀ ਦੂਜੇ ਪਾਸੇ ਕੁਝ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਕੇ ਗਲਤੀਆਂ ਕਰ ਰਹੇ ਹਨ। ਉਹ ਝੋਲਾਛਾਪ ਡਾਕਟਰਾਂ ਕੋਲ ਤੁਰੰਤ ਇਲਾਜ ਲਈ ਪਹੁੰਚ ਜਾਂਦੇ ਹਨ, ਜਿਸ ਦਾ ਨਤੀਜਾ ਬਹੁਤ ਗੰਭੀਰ ਨਿਕਲਦਾ ਹੈ। ਅਜਿਹਾ ਹੀ ਇਕ ਮਾਮਲਾ ਸ਼ੁੱਕਰਵਾਰ ਵੇਖਣ ਨੂੰ ਮਿਲਿਆ, ਜਦੋਂ ਇਕ 5 ਸਾਲ ਦਾ ਬੱਚਾ ਆਪਣੇ ਪਰਿਵਾਰ ਵੱਲੋਂ ਸੁਚੇਤ ਨਾ ਹੋਣ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਿਆ।