ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਭਿਆਨਕ ਘਟਨਾ ਵਿਚ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨਿਵਾਸੀ ਗੁਮਾਨਪੁਰਾ ਨੇ ਦੱਸਿਆ ਕਿ ਉਹ ਸੈਨੇਟਰੀ ਦਾ ਕੰਮ ਕਰਦਾ ਹੈ। ਉਹ ਸ਼ੁੱਕਰਵਾਰ ਰਾਤ ਕਰੀਬ 11 ਵਜੇ ਆਪਣੇ ਉਸਤਾਦ ਬਿੱਲਾ ਜੋ ਰਿਸ਼ਤੇਦਾਰੀ ’ਚ ਉਸ ਦਾ ਚਾਚਾ ਵੀ ਹੈ, ਨਾਲ ਪਿੰਡ ’ਚ ਹੀ ਸ਼ਰਾਬ ਪੀ ਰਿਹਾ ਸੀ। ਸ਼ਰਾਬ ਖ਼ਤਮ ਕਰਨ ਮਗਰੋਂ ਉਹ ਆਪਣੇ ਉਸਤਾਦ ਨੂੰ ਛੇਹਰਟਾ ’ਚ ਘਰ ਛੱਡਣ ਲਈ ਨਿਕਲਿਆ ਸੀ। ਇਸ ਦੌਰਾਨ ਉਸ ਦੇ ਗੁਆਂਢ ’ਚ ਰਹਿਣ ਵਾਲੀ ਪਲਕਦੀਪ ਕੌਰ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਹ ਵੀ ਨਾਲ ਜਾਣ ਦੀ ਜ਼ਿੱਦ ਕਰਨ ਲੱਗੀ। ਉਸ ਨੇ ਦੱਸਿਆ ਕਿ ਪਲਕਪ੍ਰੀਤ ਨੇ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ। ਉਸਤਾਦ ਨੂੰ ਘਰ ਛੱਡਣ ਤੋਂ ਬਾਅਦ ਉਹ ਡੇਢ ਵਜੇ ਦੇ ਕਰੀਬ ਘਰ ਵਾਪਸ ਗੁਮਾਨਪੁਰਾ ਬਾਈਕ ’ਤੇ ਆ ਰਹੇ ਸਨ। ਇਸ ਵਿਚਾਲੇ ਪਲਕਦੀਪ ਨੇ ਉਸ ਦੀ ਬਾਈਕ ਫੜ ਕੇ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਸ਼ਰਾਬ ਦੇ ਨਸ਼ੇ ’ਚ ਸੀ ਤੇ 80 ਦੀ ਸਪੀਡ ਤੋਂ ਵੀ ਜ਼ਿਆਦਾ ’ਤੇ ਬਾਈਕ ਚਲਾ ਰਹੀ ਸੀ। ਬਾਈਕ ਚਲਾਉਂਦੀ-ਚਲਾਉਂਦੀ ਉਹ ਸਟੰਟ ਕਰਨ ਲੱਗੀ। ਕਦੇ ਬਾਈਕ ਨੂੰ ਇਕ ਪਾਸੇ ਹੇਠਾਂ ਕਰ ਦਿੰਦੀ ਤੇ ਕਦੇ ਪੂਰੀ ਸਪੀਡ ਨਾਲ ਦੂਜੇ ਪਾਸੇ। ਉਸ ਨੇ ਉਸ ਨੂੰ ਸਟੰਟ ਕਰਨ ਤੋਂ ਵੀ ਰੋਕਿਆ ਪਰ ਉਸ ਨੇ ਇਕ ਨਾ ਸੁਣੀ। ਇਸ ਦੌਰਾਨ ਨਾਰਾਇਣਗੜ੍ਹ ਦਾਣਾ ਮੰਡੀ ਨੇੜੇ ਬਾਈਕ ਸੰਤੁਲਨ ਗੁਆ ਬੈਠੀ ਤੇ ਬੀਆਰਟੀਐੱਸ ਦੀ ਇਕ ਗਰਿੱਲ ਨਾਲ ਜਾ ਟਕਰਾਈ। ਇਸ ਨਾਲ ਉਸ ਦੀ ਧੌਣ ਹੀ ਧੜ ਨਾਲੋਂ ਵੱਖ ਹੋ ਗਈ ਤੇ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਉਸ ਦੀ ਵੀ ਇਕ ਲੱਤ ਟੁੱਟ ਗਈ। ਉਸ ਨੇ ਤੁਰੰਤ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ। ਰਾਤ ਦਾ ਸਮਾਂ ਹੋਣ ਕਾਰਨ ਉਥੇ ਲੋਕ ਨਾਮਾਤਰ ਹੀ ਸਨ। ਘਟਨਾ ਵਾਲੀ ਥਾਂ ’ਤੇ ਪਰਿਵਾਰਕ ਮੈਂਬਰ ਤੇ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪਲਕਪ੍ਰੀਤ ਕੌਰ ਆਪਣੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਸੀ। ਉਸ ਦਾ ਪਹਿਰਾਵਾ ਲੜਕਿਆਂ ਵਰਗਾ ਸੀ ਤੇ ਉਹ ਆਪਣੇ-ਆਪ ਨੂੰ ਮੁੰਡਾ ਹੀ ਸਮਝਦੀ ਸੀ। ਉਹ ਅਕਸਰ ਹੀ ਪਿੰਡ ’ਚ ਵੀ ਮੁੰਡਿਆਂ ਨਾਲ ਰਹਿੰਦੀ ਸੀ। ਇਹ ਹੀ ਕਾਰਨ ਸੀ ਕਿ ਉਹ ਸ਼ਰਾਬ ਆਦਿ ਪੀ ਲੈਂਦੀ ਸੀ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਪਲਕਪ੍ਰੀਤ ਆਪਣੇ ਪਰਿਵਾਰ ਦੀ ਕੋਈ ਗੱਲ ਨਹੀਂ ਸੁਣਦੀ ਸੀ। ਉਹ ਮੁੰਡਿਆਂ ਨਾਲ ਘੁੰਮਦੀ ਰਹਿੰਦੀ ਸੀ। ਉਸ ਦੇ ਪਿਤਾ ਬਿੰਦਰ ਸਿੰਘ ਤੇ ਦੋ ਭਰਾ ਹਨ, ਜੋ ਇਕ ਭੱਠੇ ’ਤੇ ਮਜ਼ਦੂਰੀ ਕਰਦੇ ਹਨ।
ਜਿਥੇ ਹਾਦਸਾ ਹੋਇਆ, ਉਥੋਂ ਥੋੜ੍ਹੀ ਦੂਰੀ ’ਤੇ ਹੀ ਇਕ ਡੇਰਾ ਵੀ ਹੈ। ਜਦੋਂ ਹਾਦਸਾ ਹੋਇਆ ਤਾਂ ਉਸੇ ਡੇਰੇ ਤੋਂ ਹੀ ਕੁਝ ਲੋਕ ਇਕੱਠੇ ਹੋਏ ਸਨ। ਉਨ੍ਹਾਂ ਅਨੁਸਾਰ ਬਾਈਕ ’ਤੇ ਸਵਾਰ ਲੜਕੀ ਨਸ਼ੇ ਦੀ ਹਾਲਤ ’ਚ ਸੀ ਤੇ ਉਹ ਬਾਈਕ ਨੂੰ ਪੂਰੀ ਰਫ਼ਤਾਰ ਨਾਲ ਚਲਾ ਕੇ ਸਟੰਟ ਕਰ ਰਹੀ ਸੀ। ਉਸ ਨੇ ਹੈਲਮਟ ਵੀ ਨਹੀਂ ਪਾਇਆ ਸੀ। ਉਨ੍ਹਾਂ ਨੇ ਕਿਹਾ ਹਾਦਸਾ ਇੰਨਾ ਜ਼ਬਰਦਸਤ ਸੀ ਗਰਿੱਲ ਨਾਲ ਟਕਰਾਉਣ ’ਤੇ ਲੜਕੀ ਦੀ ਧੌਣ ਉਸੇ ਵੇਲੇ ਧੜ ਨਾਲੋਂ ਵੱਖ ਹੋ ਗਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਿਆਨ ਨਾਲ ਡਰਾਈਵਿੰਗ ਕਰਨ ਤੇ ਹਮੇਸ਼ਾ ਇਸ ਤਰ੍ਹਾਂ ਦੇ ਸਟੰਟ ਆਦਿ ਕਰਨ ਤੋਂ ਬਚਣ। ਇਸ ਤਰ੍ਹਾਂ ਦੇ ਸਟੰਟ ਕਰਕੇ ਉਹ ਆਪਣੇ ਨਾਲ-ਨਾਲ ਆਪਣੇ ਸਾਥੀ ਦੀ ਵੀ ਜਾਨ ਖ਼ਤਰੇ ’ਚ ਪਾ ਦਿੰਦੇ ਹਨ।ਜ਼ਖ਼ਮੀ ’ਤੇ ਮਾਮਲਾ ਦਰਜ ਕਰਨ ਦੀ ਤਿਆਰੀ ’ਚ ਪੁਲਿਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਮੌਕੇ ’ਤੇ ਪੁੱਜ ਗਏ ਸਨ। ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਹ ਆਲੇ-ਦੁਆਲੇ ਦੇ ਸੀਸੀਟੀਵੀ ਵੀ ਖੰਘਾਲ ਰਹੇ ਹਨ। ਦੇਖ ਰਹੇ ਹਨ ਕਿ ਕਿਤੇ ਸਟੰਟ ਕਰਦੇ ਹੋਏ ਮੋਬਾਈਲ ’ਤੇ ਵੀਡੀਓ ਆਦਿ ਤਾਂ ਨਹੀਂ ਬਣਾ ਰਹੇ ਸਨ। ਥਾਣਾ ਇੰਚਾਰਜ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਈਕ ਨੂੰ ਗੁਰਪ੍ਰੀਤ ਸਿੰਘ ਸ਼ਰਾਬ ਪੀ ਕੇ ਚਲਾ ਰਿਹਾ ਸੀ ਤੇ ਸਟੰਟ ਕਰ ਰਿਹਾ ਸੀ। ਆਪਣੀ ਗ਼ਲਤੀ ਨੂੰ ਲੁਕਾਉਣ ਲਈ ਤੇ ਕੇਸ ਤੋਂ ਬਚਣ ਲਈ ਮਿ੍ਰਤਕ ਪਲਕਪ੍ਰੀਤ ਕੌਰ ’ਤੇ ਇਹ ਸਾਰੀ ਗੱਲ ਪਾ ਰਿਹਾ ਹੈ। ਉਹ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਪਲਕਪ੍ਰੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।