ਜਲੰਧਰ/ਚੰਡੀਗੜ੍ਹ- ਪੰਜਾਬ ਵਿਚ ਹੁਣ ਵੀ ਕਈ ਥਾਂਵਾਂ ’ਤੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਮਾਲਵੇ ਦੇ ਵੱਡੇ ਖੇਤਰ ਵਿਚ ਹੜ੍ਹ ਦੀ ਸਭ ਤੋਂ ਵੱਡੀ ਵਜ੍ਹਾ ਘੱਗਰ ਸਾਬਿਤ ਹੋਇਆ ਹੈ ਅਤੇ ਇਸ ਦੀ ਮਾਰ ਹੇਠ ਆਉਂਦਾ ਹੈ ਪਟਿਆਲਾ ਜ਼ਿਲ੍ਹੇ ਦਾ ਵੱਡਾ ਇਲਾਕਾ। ਇਸ ਜ਼ਿਲ੍ਹੇ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿਚ ਸ਼ਾਮਲ ਹਨ ਚੇਤਨ ਸਿੰਘ ਜੌੜਾਮਾਜਰਾ। ਹੜ੍ਹ ਨਾਲ ਸਮਾਣਾ, ਪਾਤੜਾਂ, ਸ਼ੁਤਰਾਣਾ ਦੇ ਇਲਾਕਿਆਂ ਵਿਚ ਪਾਣੀ ਭਰਨ ’ਤੇ ਮੰਤਰੀ ਜੌੜਾਮਾਜਰਾ ਨੂੰ ਪਾਣੀ ਵਿਚ ਉੱਤਰ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਖ਼ੁਦ ਮੋਰਚਾ ਸੰਭਾਲਦਿਆਂ ਵੇਖਿਆ ਗਿਆ। ਜੌੜਾਮਾਜਰਾ ਕੋਲ ਭਗਵੰਤ ਮਾਨ ਸਰਕਾਰ ਵਿਚ ਸੂਚਨਾ ਅਤੇ ਜਨਸੰਪਰਕ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਅਹਿਮ ਵਿਭਾਗ ਹਨ। ਮੰਤਰੀ ਚੇਤਨ ਸਿੰਘ ਜੌੜਾਮਾਜਰਾ ‘ਪੰਜਾਬ ਕੇਸਰੀ’ ਗਰੁੱਪ ਦੇ ਦਫ਼ਤਰ ਵਿਚ ਪੁੱਜੇ ਅਤੇ ਉਥੇ ਪੰਜਾਬ ਕੇਸਰੀ ਦੇ ਰਮਨਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਸੂਬੇ ਦੀ ਮੌਜੂਦਾ ਹਾਲਤ ਅਤੇ ਉਨ੍ਹਾਂ ਦੇ ਵਿਭਾਗਾਂ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ।