ਵੈਨਕੂਵਰ: ਕੈਨੇਡਾ ਦੇ ਓਟਵਾ ਵਿਚ ਇਕ ਵਿਆਹ ਦੀ ਰਿਸੈਪਸ਼ਨ ਵਿਚ ਚੱਲੀਆਂ ਗੋਲੀਆਂ ’ਚ ਦੋ ਵਿਅਕਤੀ ਮਾਰੇ ਗਏ ਹਨ ਤੇ ਛੇ ਹੋਰ ਫੱਟੜ ਹੋ ਗਏ ਹਨ। ਸੀਬੀਸੀ ਨਿਊਜ਼ ਮੁਤਾਬਕ ਓਟਵਾ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਮ੍ਰਿਤਕ ਵਿਅਕਤੀ ਓਟਵਾ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਸਥਿਤ ਇਨਫਿਨਟੀ ਕਨਵੈਨਸ਼ਨ ਸੈਂਟਰ ਵਿਚ ਰਿਸੈਪਸ਼ਨ ’ਤੇ ਆਏ ਸਨ। ਐਕਟਿੰਗ ਡਿਊਟੀ ਇੰਸਪੈਕਟਰ ਐਮੀ ਬੌਂਡ ਨੇ ਦੱਸਿਆ ਕਿ ਪੁਲੀਸ ਨੂੰ ਸ਼ਨਿਚਰਵਾਰ ਰਾਤ 10.21 ’ਤੇ ਗੋਲੀਬਾਰੀ ਬਾਰੇ ਸੂਚਨਾ ਮਿਲੀ ਸੀ। ਮ੍ਰਿਤਕਾਂ ਦੀ ਸ਼ਨਾਖ਼ਤ 26 ਸਾਲਾ ਸੈਦ ਮੁਹੰਮਦ ਅਲੀ ਤੇ 29 ਸਾਲਾ ਅਬਦੀਸ਼ਾਕੁਰ ਅਬਦੀ-ਦਾਹਿਰ ਵਜੋਂ ਹੋਈ ਹੈ। ਇਹ ਟੋਰਾਂਟੋ ਦੇ ਰਹਿਣ ਵਾਲੇ ਹਨ। ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਨੇ ਕਿਹਾ ਕਿ ਵੱਖ-ਵੱਖ ਪੱਖਾਂ ਤੋਂ ਜਾਂਚ ਜਾਰੀ ਹੈ ਤੇ ਹਾਲੇ ਤੱਕ ਅਜਿਹੀ ਕੋਈ ਸੂਚਨਾ ਨਹੀਂ ਹੈ ਜਿਸ ਤੋਂ ਲੱਗੇ ਕਿ ਗੋਲੀਬਾਰੀ ਵਿਚ ਇਕ ‘ਵਿਸ਼ੇਸ਼ ਫਿਰਕੇ’ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਫ਼ਰਤੀ ਅਪਰਾਧ ਦਾ ਕੋਈ ਸੰਕੇਤ ਨਹੀਂ ਮਿਲਿਆ। ਪੁਲੀਸ ਨੇ ਦੱਸਿਆ ਕਿ ਫੱਟੜਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਕਨਵੈਨਸ਼ਨ ਸੈਂਟਰ ਦੇ ਪ੍ਰਤੀਨਿਧੀ ਅਨੂ ਸੋਹਲ ਨੇ ਦੱਸਿਆ ਕਿ ਉਹ ਸਥਾਨਕ ਅਥਾਰਿਟੀ ਨੂੰ ਜਾਂਚ ਵਿਚ ਸਹਿਯੋਗ ਕਰ ਰਹੇ ਹਨ।