ਚੰਨ ਦੀ ਸਤ੍ਹਾ ‘ਤੇ ਪੁੱਜੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਬਾਹਰ ਨਿਕਲ ਆਇਆ ਹੈ ਅਤੇ ਇਹ ਹੁਣ ਚੰਨ੍ਹ ਦੀ ਸਤ੍ਹਾ ‘ਤੇ ਘੁੰਮੇਗਾ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ, “ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ – ਮੇਡ ਫਾਰ ਮੂਨ। ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲ ਆਇਆ ਹੈ। ਭਾਰਤ ਨੇ ਕੀਤੀ ਚੰਨ੍ਹ ‘ਤੇ ਸੈਰ !’ ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿੱਤੀ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ‘ਵਿਕਰਮ’ ਲੈਂਡਰ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲ ਬਾਹਰ ਆਉਣ ‘ਤੇ ਇਸਰੋ ਟੀਮ ਨੂੰ ਵਧਾਈ ਦਿੱਤੀ ਹੈ।