ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਨੇ ਕਿਸ ਹੈਸੀਅਤ ’ਚ ਇਹ ਨੰਬਰ ਜਾਰੀ ਕੀਤੇ ਹਨ। ਅੱਜ ਇੱਥੇ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਨੁਮਾਇੰਦਿਆਂ ਦੀ ਬਜਾਏ ਇਨ੍ਹਾਂ ਨੰਬਰਾਂ ਦਾ ਵੇਰਵਾ ਜਨਤਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਹਾਲੇ ਤੱਕ ਨੰਬਰ ਜਨਤਕ ਨਹੀਂ ਕੀਤੇ ਗਏ ਪਰ ਸੁਖਬੀਰ ਬਾਦਲ ਆਪਣੇ ਚੈਨਲ ’ਤੇ ਇਹ ਨੰਬਰ ਜਾਰੀ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਕਿਸ ਹੈਸੀਅਤ ਨਾਲ ਇਹ ਨੰਬਰ ਜਾਰੀ ਕਰ ਕੇ ਲੋਕਾਂ ਤੋਂ ਮੱਦਦ ਮੰਗ ਰਹੇ ਹਨ, ਜਦਕਿ ਅਜੇ ਤੱਕ ਇਹ ਨੰਬਰ ਜਨਤਕ ਤੌਰ ’ਤੇ ਨਸ਼ਰ ਵੀ ਨਹੀਂ ਹੋਏ।