ਸਥਾਨਕ ਬਾਬਾ ਫ਼ਰੀਦ ਲਾਅ ਕਾਲਜ ਦੇ ਅੱਜ ਤਕ ਦੇ ਇਤਿਹਾਸ ’ਚ ਇਕੋ ਵਾਰ 2023 ’ਚ ਕਾਲਜ ਦੇ ਤਿੰਨ ਵਿਦਿਆਰਥੀ ਇੰਦਰਜੀਤ ਸਿੰਘ (ਐਲ.ਐਲ.ਬੀ ਤਿੰਨ ਸਾਲਾ ਕੋਰਸ), ਮੋਹਿਨੀ ਗੋਇਲ (ਬੀ.ਏ.ਐਲ.ਐਲ.ਬੀ. ਪੰਜ ਸਾਲਾ ਕੋਰਸ) ਅਤੇ ਸੁਮਨਦੀਪ ਕੌਰ (ਬੀ.ਏ.ਐਲ.ਐਲ.ਬੀ. ਪੰਜ ਸਾਲਾ ਕੋਰਸ) ਨੇ ਪੀ.ਸੀ.ਐੱਸ. (ਜੁਡੀਸ਼ਰੀ) ਦੀ ਪ੍ਰੀਖਿਆ ਪਾਸ ਕਰ ਕੇ ਜੱਜ ਬਣੇ ਹਨ।
ਇਸ ਖ਼ੁਸ਼ੀ ਦੇ ਮੌਕੇ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਜੱਜ ਦੀ ਉੱਚ ਪਦਵੀ ਨੂੰ ਪ੍ਰਾਪਤ ਕਰ ਕੇ ਕਾਲਜ ਅਤੇ ਅਪਣੇ ਮਾਪਿਆਂ ਦਾ ਨਾਮ ਪੂਰੇ ਦੇਸ਼ ’ਚ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਵਿਦਿਆਰਥੀਆਂ ਦੇ ਜੱਜ ਬਣਨ ਦੀ ਖੁਸ਼ੀ ’ਚ ਬਾਬਾ ਫ਼ਰੀਦ ਜੀ ਦੇ ਚਰਨਾਂ ’ਚ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ। ਇਸ ਉਪਰੰਤ ਡਾ. ਗੁਰਇੰਦਰ ਮੋਹਣ ਸਿੰਘ ਨੇ ਕਿਹਾ ਕਿ ਬਾਬਾ ਫਰੀਦ ਲਾਅ ਕਾਲਜ ਦਾ ਇਹ ਬੂਟਾ ਮਾਨਯੋਗ ਚੇਅਰਮੈਨ ਨੇ ਲਾਇਆ ਸੀ, ਜਿਸ ਨੇ ਅੱਜ ਬੜੇ ਹੀ ਮਿੱਠੇ ਫਲ ਸਾਡੀ ਝੋਲੀ ਪਾਏ ਹਨ। ਇਸ ਖੁਸ਼ੀ ਦੇ ਮੌਕੇ ਕੁਲਜੀਤ ਸਿੰਘ ਮੋਂਗੀਆ ਨੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਕਾਲਜ ਦੇ ਤਿੰਨ ਵਿਦਿਆਰਥੀ ਜੱਜ ਬਣੇ ਹਨ। ਕਾਲਜ ਦੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਨੇ ਕਾਲਜ ਦੇ ਸ਼ੁਰੂਆਤੀ ਦੌਰ ’ਚ ਕੀਤੇ ਅਣਥੱਕ ਯਤਨਾਂ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਲਾਅ ਕਾਲਜ ਨੇ ਅੱਜ ਜੋ ਰੁਤਬਾ ਹਾਸਲ ਕੀਤਾ ਹੈ ਉਹ ਮਾਨਯੋਗ ਚੇਅਰਮੈਨ ਸਾਹਿਬ ਦੀ ਦੂਰਦਰਸ਼ੀ ਸੋਚ ਅਤੇ ਮਿਹਨਤ ਦਾ ਨਤੀਜਾ ਹੈ।