ਪੰਜਾਬ ’ਚ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਅੰਦਰ ਹੜ੍ਹ ਰੋਕੂ ਪ੍ਰਬੰਧਾਂ ਅਤੇ ਆਮ ਲੋਕਾਂ ਤਕ ਰਾਹਤ ਪਹੁੰਚਾਉਣ ਦੇ ਮਾਮਲੇ ਵਿਚ ਸਮਰਾਲਾ ਡਵੀਜ਼ਨ ਦੇ ਇਕ ਅਧਿਕਾਰੀ ਵੱਲੋਂ ਵਰਤੀ ਗਈ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸਮਰਾਲਾ ਦਫ਼ਤਰ ਕਾਨੂੰਨ ਸਵਰਨਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਇਹ ਕਾਰਵਾਈ ਸਬ-ਡਵੀਜ਼ਨਲ ਮੈਜਿਸਟ੍ਰੇਟ ਸਮਰਾਲਾ ਕੁਲਦੀਪ ਬਾਵਾ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਸਵਰਨਜੀਤ ਸਿੰਘ ਕਾਨੂੰਗੋ ਵੱਲੋਂ ਆਪਦਾ ਨਾਲ ਨਜਿੱਠਣ ਲਈ ਲਗਾਈ ਗਈ ਡਿਊਟੀ ਦੇ ਬਾਵਜੂਦ ਉਹ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋਇਆ ਜਿਸ ਕਾਰਨ ਆਪਦਾ ਨਜਿੱਠਣ ਲਈ ਲੋੜੀਂਦੇ ਸਮਾਨ ਨੂੰ ਹਾਸਲ ਕਰਨ ਵਿਚ ਦੇਰੀ ਹੋਈ ਹੈ।