ਨਵੀਂ ਦਿੱਲੀ : ਇਸ ਨੂੰ ਖੁਸ਼ਕ ਮੌਸਮ ਦਾ ਅਸਰ ਕਹੀਏ ਜਾਂ ਫਿਰ ਅਲ ਨੀਨੋ ਸਾਲ ਦਾ ਅਸਰ… ਸੋਮਵਾਰ (ਚਾਰ ਸਤੰਬਰ) ਦਾ ਦਿਨ ਸਤੰਬਰ ’ਚ 123 ਸਾਲਾਂ ਦਾ ਦੂਜਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਸੀ। ਦਿਨ ਦਾ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਗਰਮੀ ਨੇ 85 ਸਾਲਾਂ (1938 ਤੋਂ 2023 ਤੱਕ) ਦਾ ਰਿਕਾਰਡ ਤੋੜ ਦਿੱਤਾ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਛੇ ਡਿਗਰੀ ਜ਼ਿਆਦਾ 40.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ, ਸਤੰਬਰ ’ਚ ਸਭ ਤੋਂ ਜ਼ਿਆਦਾ 40.6 ਡਿਗਰੀ ਤਾਪਮਾਨ 16 ਸਤੰਬਰ, 1938 ਨੂੰ ਦਰਜ ਕੀਤਾ ਗਿਆ ਸੀ। ਯਾਨੀ, 1901 ਤੋਂ ਲੈ ਕੇ 2023 ਤੱਕ 123 ਸਾਲਾਂ ’ਚ 16 ਸਤੰਬਰ, 1938 ਨੇ ਪਹਿਲੀ ਵਾਰੀ ਗਰਮੀ ਦਾ ਰਿਕਾਰਡ ਤੋੜਿਆ ਸੀ ਤਾਂ ਹੁਣ ਚਾਰ ਸਤੰਬਰ 2023 ਨੇ ਦੂਜੀ ਵਾਰੀ ਤੋੜਿਆ ਹੈ। ਉੱਥੇ, ਮੰਗਲਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਸਾਰਾ ਦਿਨ ਖਿੜੀ ਰਹੀ ਤੇਜ਼ ਧੁੱਪ ’ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਪੰਜ ਡਿਗਰੀ ਜ਼ਿਆਦਾ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ ਸਾਧਾਰਨ ਤੋਂ ਇਕ ਡਿਗਰੀ ਜ਼ਿਆਦਾ 26.4 ਡਿਗਰੀ ਰਿਹਾ।