ਪਿਰਥੀਪਾਲ ਸਿੰਘ ਕਪੂਰ ਵੱਲੋਂ ਰਚਿਤ, ਗੁਰਮੁਖੀ ਅਤੇ ਰੋਮਨ ਵਿਚ ਬਹੁਤ ਸਮਾਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਇਸ ਪੁਸਤਕ ਨੂੰ ਹੁਣ ਲਾਹੌਰ (ਪਾਕਿਸਤਾਨ) ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਹੀਲ ਨੇ ਸ਼ਾਹਮੁਖੀ ਵਿਚ ਲਿਪੀਆਂਤਰ ਕੀਤਾ ਹੈ।
ਸਮਾਗਮ ਦੇ ਮੁੱਖ ਬੁਲਾਰੇ ਅਤੇ ਪ੍ਰਸਿੱਧ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਇਸ ਪੁਸਤਕ ਨੂੰ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕਰਨ ਦੇ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਆਪਣਾ ਫਰਜ਼ ਸਮਝਦੀ ਹੈ ਕਿ ਆਪਣੀ ਅਮੀਰ ਵਿਰਾਸਤ ਅਤੇ ਇਤਿਹਾਸ ਨੂੰ ਸਿਰਫ ਗੁਰਮੁਖੀ ਪੜ੍ਹਨ ਲਿਖਣ ਵਾਲਿਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਇਹ ਇਤਿਹਾਸਕ ਜਾਣਕਾਰੀ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲਣ ਵਾਲੇ 13 ਕਰੋੜ ਲੋਕਾਂ ਤੀਕ ਵੀ ਪਹੁੰਚਣੀ ਚਾਹੀਦੀ ਹੈ। ਇਹ ਕਾਰਜ ਸ਼ਾਹਮੁਖੀ ਲਿਪੀ ਵਿਚ ਮੁਹੱਈਆ ਕਰਵਾ ਕੇ ਕੀਤਾ ਜਾ ਸਕਦਾ ਹੈ। ਇਸ ਪੁਸਤਕ ਦਾ ਮੁੱਖ ਬੰਦ ਜੈਤੇਗ ਸਿੰਘ ਅਨੰਤ ਅਤੇ ਪਾਕਿਸਤਾਨ ਦੇ ਨਾਮਵਰ ਇਤਿਹਾਸਕਾਰ ਪ੍ਰੋ. ਅਖ਼ਤਰ ਸੰਧੂ ਵੱਲੋਂ ਲਿਖਿਆ ਗਿਆ ਹੈ।
ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਰੂਹੇ-ਰਵਾਂ ਗਿਆਨ ਸਿੰਘ ਸੰਧੂ ਅਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਸ ਪੁਸਤਕ ਨੂੰ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕਰਵਾਉਣ ਦੇ ਵਡੇਰੇ ਕਾਰਜ ਲਈ ਜੈਤੇਗ ਸਿੰਘ ਅਨੰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਸੁਰਿੰਦਰ ਸਿੰਘ ਜੱਬਲ ਨੂੰ ਮੁਬਾਰਕਬਾਦ ਦਿੱਤੀ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਇਹ ਪੁਸਤਕ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਸ਼ਨਾਂ ਦਾ ਆਖਰੀ ਪੜਾਅ ਹੈ। ਸੁਸਾਇਟੀ ਵੱਲੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਵੱਡ-ਆਕਾਰੀ ਕੌਫੀ ਟੇਬਲ ਪੁਸਤਕ ਪ੍ਰਕਾਸ਼ਿਤ ਕੀਤੀ ਗਈ, ਇਕ ਵੱਡਾ ਸਮਾਗਮ ਕਰਵਾਇਆ ਗਿਆ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਰਸਾਲੇ ਗੁਰਮਤਿ ਪ੍ਰਕਾਸ਼ ਦਾ ਜੱਸਾ ਸਿੰਘ ਰਾਮਗੜ੍ਹੀਆ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਵਾਇਆ ਅਤੇ ਹੁਣ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਇਹ ਪੁਸਤਕ ਉਨ੍ਹਾਂ ਦੀ ਵਿਰਾਸਤ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਫੈਲਾਉਣ ਦਾ ਹੀ ਇਕ ਯਤਨ ਹੈ।
ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਪੁਸਤਕ ਰਿਲੀਜ਼ ਕੀਤੀ ਗਈ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਇਸ ਪੁਸਤਕ ਲਈ ਜੈਤੇਗ ਸਿੰਘ ਅਨੰਤ ਅਤੇ ਸੁਰਿੰਦਰ ਸਿੰਘ ਜੱਬਲ ਵੱਲੋਂ ਕੀਤੀ ਮਿਹਨਤ ਅਤੇ ਯੋਗਦਾਨ ਲਈ ਦਾ ਧੰਨਵਾਦ ਕੀਤਾ ਅਤੇ ਸਮਾਗਮ ਸਮੇਂ ਹਾਜਰ ਸਾਰੀ ਸੰਗਤ ਦਾ ਸ਼ੁਕਰੀਆ ਅਦਾ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663