ਚੰਡੀਗੜ੍ਹ : ਸ਼੍ਰੋਮਣੀ ਕਵੀ ਸ਼ਿਵ ਨਾਥ ਦਾ ਅਠਾਸੀ ਸਾਲ ਦੀ ਉਮਰ ਭੋਗ ਕੇ ਅੱਜ ਸਵੇਰੇ 8.30 ਵਜੇ ਮੁਹਾਲੀ ਫੇਜ਼-10 ਆਪਣੇ ਘਰ ਦੇਹਾਂਤ ਹੋ ਗਿਆ। ਕੁੱਝ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਦੀ ਬਿਮਾਰੀ ਕਾਰਣ ਸਟੰਟ ਵੀ ਪਏ ਸਨ। ਬੀਤੇ ਦੋ ਮਹੀਨਿਆਂ ਵਿਚ ਸਰਕਾਰੀ ਹਸਪਤਾਲ, ਸੈਕਟਰ 32 ਚੰਡੀਗੜ੍ਹ ਵਿਚ ਉਨਾਂ ਦਾ ਹਰਨੀਆਂ ਦਾ ਦੋ ਵਾਰ ਅਪ੍ਰੈਸ਼ਨ ਵੀ ਹੋਇਆਂ। ਪਰ ਪੁੱਤਰ ਸੁਮੇਲ ਅਤੇ ਨੂੰਹ ਸੰਤੋਸ਼ ਅਤੇ ਪੋਤੇ-ਪੋਤੀਆਂ ਵੱਲੋਂ ਦਿਨ ਰਾਤ ਸੇਵਾ ਕਰਨ ਦੇ ਬਾਵਜੂਦ ਉਹ ਬਿਮਾਰੀ ਤੋਂ ਉਭਰ ਨਹੀਂ ਸਕੇ। ਇਸ ਜਾਣਕਾਰੀ ਨਾਟ-ਕਰਮੀ ਸੰਜੀਵਨ ਸਿੰਘ ਨੇ ਦਿੰਦੇ ਦੱਸਿਆ ਕਿ ਸਾਰੀ ਉਮਰ ਆਮ ਲੋਕਾਂ ਦੇ ਹੱਕ ਲਈ ਲਿਖਣ ਵਾਲੇ ਸਕੂਲੀ ਸਿਖਿਆਂ ਦੇ ਕੋਰੇ ਸ਼ਿਵ ਨਾਥ ਨੇ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਇੱਕੀ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨਾਂ ਵਿਚ ਕਾਵਿ-ਸੰਗ੍ਰਿਹ: ‘ਬੋਝਲ ਹਵਾ’, ‘ਬਦਤਮੀਜ਼’, ‘ਅਸੀਂ ਕਤਰੇ ਹੀ ਸਹੀ’, ‘ਅੰਤਿਮ ਲੜਾਈ’, ‘ਮੈਂ ਦੀਵੇ ਕਿਸ ਤਰਾਂ ਬਾਲਾਂ’, ‘ਜਗਿਆਸਾ’, ‘ਵਰਜਿਤ ਫਲ’, ‘ਬਿਜਲੀ ਕੜਕੇ’, ‘ਸਰਘੀ ਦਾ ਸੁਪਨਾ’, ‘ਭੂਮੀ ਪੂਜਣ’, ‘ਪਛਤਾਵਾ’, ਕਹਾਣੀ ਸੰਗ੍ਰਹਿ: ‘ਇਸ ਪਾਰ ਉਸ ਪਾਰ’, ‘ਗੀਤ ਦੀ ਮੌਤ’, ਜੀਵਨੀ ਸਾਹਿਤ: ‘ਭੁੱਲੇ ਵਿਸਰੇ ਲੋਕ’, ਅਣਫੋਲਿਆ ਵਰਕਾ’, ਯਾਦਾਂ: ‘ਸੁਜਾਨ ਸਿੰਘ ਨਾਲ ਦਸ ਵਰ੍ਹੇ’, ਸਵੈ-ਜੀਵਨੀ: ‘ਮੇਰਾ ਜੀਵਨ’, ਬਾਲ ਸਹਿਤ: ‘ਰੁੱਖ ਤੇ ਮਨੁੱਖ’, ‘ਪੈਂਤੀ ਅੱਖਰੀ’, ‘ਬਾਲ ਵਿਆਕਰਣ’, ‘ਪੰਜ ਤੱਤ’ ਸ਼ਾਮਿਲ ਹਨ।