ਨਵੀਂ ‘ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ’ (RRTS) ਟ੍ਰੇਨਾਂ ਨੂੰ ‘ਨਮੋ ਭਾਰਤ’ ਦੇ ਨਾਮ ਵਜੋਂ ਜਾਣਿਆ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਅੱਜ RRTS ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕਰਨਗੇ। ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ 17 ਕਿਲੋਮੀਟਰ ਲੰਬੇ ਤਰਜੀਹੀ ਸੈਕਸ਼ਨ ਨੂੰ ਇਸ ਦੇ ਉਦਘਾਟਨ ਤੋਂ ਇਕ ਦਿਨ ਬਾਅਦ ਯਾਨੀ 21 ਅਕਤੂਬਰ ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਪੁਰੀ ਨੇ ‘ਐਕਸ’ (ਟਵਿੱਟਰ) ‘ਤੇ ਇੱਕ ਪੋਸਟ ਵਿੱਚ ਐਲਾਨ ਕੀਤਾ ਕਿ RRTS ਰੇਲਗੱਡੀ ਨੂੰ ‘ਨਮੋ ਭਾਰਤ’ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ, “ਕਰੋੜਾਂ ਲੋਕਾਂ ਦੀਆਂ ਇੱਛਾਵਾਂ ਨਾਲ ਸਬੰਧਤ ਆਰਆਰਟੀਐੱਸ ਪ੍ਰਾਜੈਕਟ ਦਾ ਤਰਜੀਹੀ ਭਾਗ ਗਤੀ ਹਾਸਲ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੇਸ਼ ਦੀ ਖੇਤਰੀ ਰੈਪਿਡ ਟਰਾਂਜ਼ਿਟ ਪ੍ਰਣਾਲੀ ਨੂੰ ‘ਨਮੋ ਭਾਰਤ’ ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਕਿਹਾ ਸੀ ਕਿ ਮੋਦੀ ਸਾਹਿਬਾਬਾਦ ਅਤੇ ਦੁਹਾਈ ਡਿਪੂ ਨੂੰ ਜੋੜਨ ਵਾਲੀ ਰੈਪਿਡਐਕਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜੋ ਭਾਰਤ ਵਿੱਚ ਆਰਆਰਟੀਐਸ ਦੀ ਸ਼ੁਰੂਆਤ ਹੈ।