ਜਲੰਧਰ : ਤਿਉਹਾਰੀ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਸੂਬੇ ਦੀ ਜਨਤਾ ਨੂੰ ਆਪਣੀ ਨਕਦੀ, ਕੀਮਤੀ ਵਸਤੂਆਂ ਤੇ ਗਹਿਣਿਆਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵਲੋਂ ਸੂਬੇ ਦੀ ਜਨਤਾ ਨੂੰ ਸੁਚੇਤ ਕੀਤਾ ਗਿਆ ਹੈ ਕਿ ਤਿਉਹਾਰੀ ਮੌਸਮ ਨੂੰ ਦੇਖਦੇ ਹੋਏ ਅਪਰਾਧਕ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ ਲਈ ਉਨ੍ਹਾਂ ਨੂੰ ਹੋਰ ਵੱਧ ਜਾਗਰੂਕ ਹੋਣਾ ਪਵੇਗਾ।
ਉਨ੍ਹਾਂ ਨੇ ਸਾਰੇ ਪੁਲਸ ਮੁਖੀਆਂ ਤੇ ਪੁਲਸ ਕਮਿਸ਼ਨਰਾਂ ਨੂੰ ਭੇਜੇ ਸੰਦੇਸ਼ ’ਚ ਕਿਹਾ ਹੈ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਜਨਤਾ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਘਰਾਂ ਤੋਂ ਬਾਹਰ ਨਿਕਲਦੇ ਹੋਏ ਜਨਤਕ ਸਥਾਨਾਂ ’ਤੇ ਆਪਣੇ ਵਾਹਨਾਂ ’ਚ ਬੈਠ ਕੇ ਨਕਦੀ ਨਾ ਗਿਣਨ ਅਤੇ ਨਾ ਹੀ ਗਹਿਣੇ ਆਦਿ ਆਪਣੇ ਵਾਹਨਾਂ ’ਚ ਰੱਖਣ ਕਿਉਂਕਿ ਇਨ੍ਹਾਂ ’ਤੇ ਅਪਰਾਧਕ ਅਨਸਰਾਂ ਦੀ ਨਜ਼ਰ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਤਿਉਹਾਰੀ ਮੌਸਮ ਨੂੰ ਲੈ ਕੇ ਪੰਜਾਬ ਪੁਲਸ ਨੂੰ ਪਹਿਲਾਂ ਹੀ ਸਾਵਧਾਨ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਭੇਜੇ ਗਏ ਹਨ ਕਿ ਉਹ ਆਪਣੇ ਇਲਾਕਿਆਂ ’ਚ ਬਾਜ਼ਾਰਾਂ ’ਚ ਵੱਧ ਤੋਂ ਵੱਧ ਪੁਲਸ ਫੋਰਸ ਤਾਇਨਾਤ ਕਰਨ, ਜਿਸ ਨਾਲ ਜਨਤਾ ਦਾ ਭਰੋਸਾ ਪੁਲਸ ਪ੍ਰਸ਼ਾਸਨ ’ਤੇ ਬਣਿਆ ਰਹੇ ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੂੰ ਫੀਲਡ ’ਚ ਜਾ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਉਣ ਵਾਲੇ ਹਫ਼ਤੇ ’ਚ ਸੀਨੀਅਰ ਪੁਲਸ ਅਧਿਕਾਰੀ ਵੀ ਫੀਲਡ ’ਚ ਨਜ਼ਰ ਆਉਣਗੇ। ਭੀੜਭਾੜ ਵਾਲੇ ਬਾਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਪੁਲਸ ਫੋਰਸ ਦੀ ਗਿਣਤੀ ਵਧਾਈ ਜਾ ਰਹੀ ਹੈ। ਪੰਜਾਬ ਪੁਲਸ ਨੂੰ ਆਪਣੇ ਰੂਟੀਨ ਦੇ ਕੰਮਾਂ ਦੇ ਨਾਲ ਹੀ ਅਪਰਾਧਕ ਅਨਸਰਾਂ ’ਤੇ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ।