ਪੰਜਾਬ ਰਾਜ ਬਲੱਡ ਟਰਾਂਸਫਿਊਜ਼ਨ ਕੌਂਸਲ ਨੇ 17 ਅਕਤੂਬਰ ਨੂੰ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਬਲੱਡ ਸੈਂਟਰਾਂ ਵਿਚ ਮੈਗਾ ਖ਼ੂਨਦਾਨ ਕੈਂਪ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੀ ਜਾਣਕਾਰੀ ‘ਆਪ’ ਪੰਜਾਬ ਦੇ ਕਾਰਕਾਰਨੀ ਪ੍ਰਧਾਨ ਬੁੱਧ ਰਾਮ ਵੱਲੋਂ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪੇਜ ‘ਤੇ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡੀ ਸਮਾਜਿਕ ਸੇਵਾ ਹੈ, ਮੈਂ ਸਾਰੇ ਵਲੰਟੀਅਰਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਪਹਿਲ ਦਾ ਸਮਰਥਨ ਕਰਨ।
ਇਸ ਦੇ ਇਲਾਵਾ ਕੌਂਸਲ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਅਤੇ ਮੈਡੀਕਲ ਕਾਲਜਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਇਕ ਪੱਤਰ ਰਾਹੀਂ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਲੋੜ ਹੋਵੇ ਤਾਂ ਇਸ ਦਿਨ ਖ਼ੂਨਦਾਨ ਕੇਂਦਰਾਂ ਨੂੰ ਵਾਧੂ ਸਟਾਫ਼ ਮੁਹੱਈਆ ਕਰਵਾਇਆ ਜਾਵੇ ਅਤੇ ਹਰੇਕ ਖ਼ੂਨਦਾਨ ਕੇਂਦਰ ਵਿਚ ਘੱਟੋ-ਘੱਟ 1 ਜਾਂ 2 ਕੈਂਪ ਲਾਏ ਜਾਣ। ਦੱਸ ਦੇਈਏ ਕਿ 17 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਹੈ।