ਡਾਇਰੀ/ ਨਿੰਦਰ ਘੁਗਿਆਣਵੀ

Share on Social Media

ਇਹ ਫੋਟੋ ਅੱਠਵੀ ਜਾਂ ਨੌਵੀਂ ਜਮਾਤ ਵਿਚ ਪਿੰਡ ਪੜਨ ਵੇਲੇ ਦੀ ਹੈ। ਸ੍ਰ ਹਾਕਮ ਸਿੰਘ ਢਿਲੋਂ ਹੈਡਮਾਸਟਰ ਬਣਕੇ ਆਏ, ਤਾਂ ਹਰੇਕ ਸਾਲ ਸਕੂਲੇ ਅਖੰਡ ਪਾਠ ਸਾਹਿਬ ਖੁੁੱਲਵਾਉਣ ਲੱਗੇ ਤੇ ਸਭਿਆਚਾਰਕ ਸਰਗਰਮੀਆਂ ਵੀ ਸਰਗਰਮ ਹੋ ਗਈਆਂ। ਮੈਨੂੰ ਕਿਹਾ ਕਰਨ ਕਿ ਲਿਆ ਵਈ ਆਵਦੀ ਤੂੰਬੀ ਯਮਲੇ ਦਿਆ ਚੇਲਿਆ— ਭੋਗ ਪੈਣ ਮੌਕੇ ਗਾਉਣਾ ਐਂ ਤੂੰ। ਇਸ ਫੋਟੋ ਵਿਚ ਢਿੱਲੋਂ ਸਾਹਬ ਨੀਲੇ ਕੋਟ ਵਿਚ ਦਿੱਸ ਰਹੇ ਹਨ, (ਅੱਜਕਲ੍ਹ ਕੈਨੇਡਾ ਦੇ ਵਿੰਨੀਪੈਗ ਰਹਿੰਦੇ ਹਨ)। ਇਸ ਫੋਟੋ ਨੂੰ ਗਹੁ ਨਾਲ ਦੇਖ ਰਿਹਾ ਹਾਂ, ਕੌਣ ਕੌਣ ਤੁਰ ਗਿਆ ਹੈ? ਫੋਟੋ ਨੇ ਕਈ ਚੇਹਰੇ ਚੇਤੇ ਕਰਵਾ ਦਿੱਤੇ ਨੇ। ਮੌਕੇ ਦੇ ਸਰਪੰਚ ਬਲਦੇਵ ਸਿੰਘ ਬੈਠੇ ਹਨ ਜੇਬ ‘ਚੋ ਮਾਇਆ ਕੱਢ ਰਹੇ ਹਨ ਮੈਨੂੰ ਗਾਉਂਦੇ ਨੂੰ ਦੇਣ ਲਈ।(ਹੁਣ ਸਾਬਕਾ ਸਰਪੰਚ ਹਨ)। ਢਿੱਲਵਾਂ ਵਾਲੇ ਮਾਸਟਰ ਨਾਜਰ ਸਿੰਘ ਵੀ ਦਿਖਾਈ ਦੇ ਰਹੇ ਹਨ, ਹੁਣ ਬਹੁਤ ਬਿਰਧ ਹੋ ਚੁੱਕੇ ਹਨ। ਬਾਈ ਮੇਜਰ ਸਿੰਘ ਵੀ ਬੈਠਾ ਹੈ ਬਾਬੇ ਪੂਰਨ ਕਾ, ਬਿਰਧ ਹੈ। ਬਾਈ ਦਰਬਾਰਾ ਸਿੰਓ ਵਪਾਰੀ ਬੈਠਾ ਹੈ, ਕਈ ਸਾਲ ਪਹਿਲਾਂ ਵਿਛੜ ਗਿਆ ਤੇ ਤਾਇਆ ਸੰਤ ਰਾਮ ਅਰੋੜਾ ਵੀ ਬੈਠਾ ਹੈ, ਤਾਇਆ ਵੀ ਨਹੀ ਹੈ। ਮੇਰੇ ਨਾਲ ਚਿਮਟਾ ਵਜਾ ਰਿਹਾ ਬਾਬਾ ਕੇਹਰਾ ਵੀ ਨਹੀ ਹੈ ਤੇ ਢੋਲਕ ਵਜਾ ਰਿਹਾ ਸੈਦੇ ਕਿਆਂ ਵਾਲਾ ਸੁਖਦੇਵ ਸਿੰਘ ਬੌਰੀਆ ਸਿੱਖ ਵੀ ਹੈਨੀ। ਬਾਈ ਗਾਜਾ,(ਜਗਰਾਜ ਸਿੰਘ) ਇਸੇ ਸਾਲ ਹੀ ਵਿਛੜ ਗਿਆ ਹੈ। ਬੇਗੂਵਾਲੇ ਦਾ ਸ੍ਰ ਧਿਆਨ ਸਿੰਘ ਬੈਠਾ ਹੈ।
**
ਉਹਨੀਂ ਦਿਨੀਂ ਮੈਂ ਪੱਗ ਬੰਨਦਾ ਹੁੰਦਾ ਸੀ ਤੇ ਨਿੱਕਾ ਜਿਹਾ ਜੂੜਾ ਵੀ ਸੀ। ਦਾਹੜੀ ਹਾਲੇ ਫੁੱਟੀ ਹੀ ਸੀ। 1991 ਕੁ ਦੀ ਫੋਟੋ ਹੈ ਏਹ। ਫੋਟੋਆਂ ਦੇਖਦਿਆਂ ਗੁੰਮੇ ਗੁਆਚੇ ਚਿਹਰਿਆਂ ਨੂੰ ਚੇਤੇ ਕਰਨਾ ਚੰਗਾ ਚੰਗਾ ਲਗਦਾ ਹੈ।