ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਨ੍ਹੀਂ ਦਿਨੀਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਬਹੁਤ ਡਰੇ ਹੋਏ ਹਨ। ਸਰਕਾਰ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ, ਕਾਲਕਾ, ਸ਼ਿਮਲਾ, ਨੰਗਲ ਡੈਮ ਅਤੇ ਹਿਮਾਚਲ ’ਚ ਕਈ ਥਾਵਾਂ ’ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ। ਰੇਲਵੇ ਨੇ ਅਹਿਤਿਆਤ ਵਜੋਂ ਚੰਡੀਗੜ੍ਹ-ਹਰਿਦੁਆਰ ਟਰੇਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲੰਬੀ ਦੂਰੀ ਦੀਆਂ ਕੁਝ ਟਰੇਨਾਂ ਨੂੰ ਵਾਇਆ ਪਾਣੀਪਤ ਅਤੇ ਅੰਮ੍ਰਿਤਸਰ ਤੋਂ ਚੱਲਣ ਵਾਲੀ ਗੋਲਡਨ ਟੈਂਪਲ (12904) ਅਤੇ ਹਾਵੜਾ ਮੇਲ (13006) ਨੂੰ ਸਹਾਰਨਪੁਰ ਦੀ ਬਜਾਏ ਵਾਇਆ ਪਾਣੀਪਤ ਚਲਾਇਆ ਗਿਆ। ਛੱਤੀਸਗੜ੍ਹ ਐਕਸਪ੍ਰੈੱਸ (18238) ਨੂੰ ਵੀ ਵਾਇਆ ਲੁਧਿਆਣਾ, ਧੂਰੀ ਤੇ ਜਾਖਲ ਚਲਾਇਆ ਗਿਆ। ਟਰੇਨਾਂ ਦੇ ਰੱਦ ਹੋਣ ਅਤੇ ਡਾਇਵਰਟ ਹੋਣ ਕਾਰਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।