ਅੰਮ੍ਰਿਤਸਰ : ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਪਰਿਕਰਮਾ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਚਾਰੋਂ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰ ਸੰਗਤਾਂ ਦੀ ਸੁਰੱਖਿਆ ਸਲਾਮਤੀ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਸੇਵਾ ਪੱਕੇ ਤੌਰ ਤੇ ਬੰਦ ਕਰ ਦਿੱਤੀ ਜਾਵੇ।
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਬੇਨਤੀ-ਪੱਤਰ ਵਿੱਚ ਕਿਹਾ ਕਿ 29 ਅਕਤੂਬਰ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸਬੰਧੀ ਜੋ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਸੀ, ਉਸ ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਤੇ ਬੜੇ ਨੀਵੇਂ ਉਡਾਏ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਬਹੁਤ ਹੀ ਖ਼ਤਰਨਾਕ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਹੁਗਿਣਤੀ ਹਾਜ਼ਰ ਸੰਗਤਾਂ ਇਸ ਕਾਰਵਾਈ ਦੀ ਸੁਖ-ਸੁਖਾਂ ਨਾਲ ਸੰਪੂਰਨ ਹੋਣ ਦੀ ਅਰਦਾਸ ਕਰ ਰਹੀਆਂ ਸਨ। ਕਾਫੀ ਸੁਚੇਤ ਗੁਰਸਿੱਖ 8 ਦਸੰਬਰ 2021 ਨੂੰ ਵਾਪਰੇ ਹੈਲੀਕਾਪਟਰ ਹਾਦਸੇ ਨੂੰ ਯਾਦ ਕਰਕੇ ਖੌਫ਼ਜ਼ਦਾ ਹੋ ਰਹੇ ਸਨ, ਜਿਸ ਵਿਚ ਭਾਰਤੀ ਫੌਜ ਦੇ ਚੀਫ਼ ਆਫ਼ ਆਰਮੀ ਸਟਾਫ਼ ਬਿਪਨ ਰਾਵਤ ਆਪਣੀ ਪਤਨੀ ਅਤੇ ਹੈਲੀਕਾਪਟਰ ਅਮਲੇ ਸਮੇਤ ਮਰ ਗਏ ਸਨ। ਇਹ ਠੀਕ ਹੈ ਕਿ ਅਜਿਹੀਆਂ ਦੁਰਘਟਨਾਵਾਂ ਸਦਾ ਨਹੀਂ ਵਾਪਰਦੀਆਂ,ਪਰ ਅਜਿਹੇ ਅਣਚਾਹੇ ਖ਼ਤਰੇ ਸਹੇੜਨ ਦੀ ਵੀ ਕੀ ਲੋੜ ਹੈ। ਮਸ਼ੀਨਰੀ ਵਿੱਚ ਨੁਕਸ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।