ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਦਾ ਇਜਲਾਸ ਸੱਦਿਆ ਗਿਆ ਹੈ। ਇਹ ਇਜਲਾਸ 20 ਅਤੇ 21 ਅਕਤੂਬਰ ਨੂੰ ਸੱਦਿਆ ਗਿਆ ਹੈ। ਇਸ ਇਜਲਾਸ ਦੌਰਾਨ ਵੱਖ-ਵੱਖ ਮੁੱਦਿਆਂ ਜਿਵੇਂ ਕਿ ਐੱਸ. ਵਾਈ. ਐੱਲ., ਆਰ. ਡੀ. ਐੱਫ. ਅਤੇ ਸਪੈਸ਼ਲ ਸੁਰੱਖਿਆ ਫੋਰਸ ਬਾਰੇ ਚਰਚਾ ਹੋ ਸਕਦੀ ਹੈ। ਇਸ ਬਾਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਕਿਹਾ ਹੈ ਕਿ ਇਹ ਨਵਾਂ ਇਜਲਾਸ ਨਹੀਂ ਹੋਵੇਗਾ, ਜਿਹੜਾ ਪੁਰਾਣਾ ਇਜਲਾਸ ਚੱਲ ਰਿਹਾ ਸੀ, ਉਸੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਇਜਲਾਸ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਇਜਲਾਸ ਦੀ ਹੀ ਅਗਲੀ ਬੈਠਕ ਹੈ। ਸੰਧਵਾਂ ਨੇ ਦੱਸਿਆ ਕਿ ਇਜਲਾਸ ਬੁਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਉਸ ਵੇਲੇ ਲੋੜ ਪੈਂਦੀ ਹੈ, ਜਦੋਂ ਨਵਾਂ ਇਜਲਾਸ ਬੁਲਾਇਆ ਜਾਣਾ ਹੋਵੇ ਪਰ ਇਹ ਪੁਰਾਣਾ ਇਜਲਾਸ ਹੀ ਚੱਲ ਰਿਹਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਵਿਰੋਧੀਆਂ ਨੂੰ ਇਹ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪੂਰਾ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਇਸ ਵਾਰ ਉਨ੍ਹਾਂ ਨੂੰ ਵਿਧਾਨ ਸਭਾ ਅੰਦਰ ਆਪਣੀ ਗੱਲ ਰੱਖਣ ਦਾ ਪੂਰਾ ਸਮਾਂ ਦਿੱਤਾ ਜਾਵੇਗਾ। ਇਹ ਵੀ ਦੱਸ ਦੇਈਏ ਕਿ ਪਿਛਲੀ ਵਾਰ ਜਦੋਂ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਸੀ ਤਾਂ ਰਾਜਪਾਲ ਨੇ ਇਸ ਨੂੰ ਕਾਨੂੰਨੀ ਉਲੰਘਣਾ ਕਰਾਰ ਦਿੱਤਾ ਸੀ। ਉਨ੍ਹਾਂ ਨੇ ਇਤਰਾਜ਼ ਕੀਤਾ ਸੀ ਕਿ ਜੇਕਰ ਬਜਟ ਇਜਲਾਸ ਦਾ ਵਿਸਥਾਰ ਹੁੰਦਾ ਹੈ ਤਾਂ ਉਸ ਕਾਰਵਾਈ ‘ਚ ਸਿਰਫ ਬਜਟ ਨਾਲ ਸਬੰਧਿਤ ਕੰਮ ਕਾਰ ਹੀ ਹੋ ਸਕਦਾ ਹੈ।