ਲੁਧਿਆਣਾ: ਕੌਮੀ ਰਾਜਧਾਨੀ ਖ਼ੇਤਰ (ਐਨ.ਸੀ.ਆਰ.) ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਹੋਰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਿੰਡਨ-ਲੁਧਿਆਣਾ-ਹਿੰਡਨ ਉਡਾਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਦੋ ਸਾਲ ਤੋਂ ਵੱਧ ਵਕਫ਼ੇ ਮਗਰੋਂ ਲੁਧਿਆਣਾ ਦੇ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਬਹਾਲ ਹੋਈ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਪਹਿਲੇ ਤਿੰਨ ਮਹੀਨਿਆਂ ਲਈ ਲੁਧਿਆਣਾ ਤੋਂ ਐਨ.ਸੀ.ਆਰ. ਦੇ ਹਵਾਈ ਸਫ਼ਰ ਦਾ ਕਿਰਾਇਆ ਸਿਰਫ਼ 999 ਰੁਪਏ ਹੋਵੇਗਾ।
ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਲੁਧਿਆਣਾ ਦੇ ਹਵਾਈ ਅੱਡੇ ਤੋਂ ਦੋ ਸਾਲ ਤੋਂ ਵੱਧ ਸਮੇਂ ਬਾਅਦ ਉਡਾਣ ਸ਼ੁਰੂ ਹੋਈ ਹੈ, ਜਿਸ ਨਾਲ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਉਡਾਣ ਮੈਸਰਜ਼ ਬਿੱਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਫਲਾਈ ਬਿੱਗ ਏਅਰਲਾਈਨਜ਼ ਦੇ ਨਾਂ ਉਤੇ ਚਲਾਈ ਜਾਵੇਗੀ ਅਤੇ ਮੁੱਢਲੇ ਤੌਰ ਉਤੇ ਇਹ ਉਡਾਣ ਪੰਜ ਦਿਨਾਂ ਲਈ ਸ਼ੁਰੂ ਕੀਤੀ ਜਾਵੇਗੀ ਪਰ ਅਗਲੇ ਮਹੀਨੇ ਤੋਂ ਇਹ ਉਡਾਣ ਸਾਰੇ ਹਫ਼ਤੇ ਲਈ ਚਲਾਈ ਉਡੇਗੀ।