ਮੰਡੀ ਅਹਿਮਦਗੜ੍ਹ:ਆਪਣੇ ਬਿਰਧ ਬਾਪ ਅਤੇ ਪਰਿਵਾਰ ਨੂੰ ਛੋਟੀ ਕਿਸਾਨੀ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਲਵਾਉਣ ਲਈ ਨੌਂ ਸਾਲ ਪਹਿਲਾਂ ਵਿਦੇਸ਼ ਗਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰ ਦੀ ਧੀ ਨੂੰ ਸੋਸ਼ਲ ਮੀਡੀਆ ਗਤੀਵਿਧੀਆਂ ਕਾਰਨ ਮਸ਼ਹੂਰ ਹੋਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਅਮਰੀਕਾ ਜਾਣ ਤੋਂ ਪੰਜ ਮਹੀਨੇ ਬਾਅਦ ਉਸ ਦੇ ਪੁਰਾਣੇ ਮਿੱਤਰ ਨੇ ਉਸ ਨੂੰ ਰੋਜ਼ਵਿਲੇ ਦੇ ਵੈਸਟਫੀਲਡ ਗੈਲਰੀਆ ਦੇ ਗੈਰਾਜ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਰਵਿੰਦਰ ਸਿੰਘ ਉਰਫ਼ ਸਤਿਨਾਮ ਬਾਬਾ ਦੇ ਪਰਿਵਾਰ ਨੂੰ ਹੁਣ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਧੀ ਗੁਆਉਣ ਦੇ ਨਾਲ ਨਾਲ ਉਸ ਦੀ ਲਾਸ਼ ਲੈਣ ਲਈ ਵੀ ਦੌੜ ਭੱਜ ਕਰਨੀ ਪੈ ਰਹੀ ਹੈ, ਜੋ ਮੌਤ ਦੇ ਹਫ਼ਤਾ ਬਾਅਦ ਵੀ ਰੋਜ਼ਵਿਲੇ ਪੁਲਹਸ ਦੀ ਹਿਰਾਸਤ ਵਿੱਚ ਮੁਰਦਾਘਰ ਵਿੱਚ ਪਈ ਹੈ। ਸਿਮਰਨਜੀਤ ਸਿੰਘ (29) ਵੱਜੋਂ ਪਛਾਣ ਕਰਦਿਆਂ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਹਰਪ੍ਰੀਤ ਕੌਰ ਉਰਫ਼ ਬਲੌਗਰ ਨਵ ਸਰਾਂ (34), ਜਿਸ ਨੇ ਆਪਣੇ ਦੋ ਭੈਣ-ਭਰਾਵਾਂ ਨਾਲ ਮਿਲ ਕੇ ਬਚਪਨ ਵੇਲੇ ਬ੍ਰਹਮਪੁਰ ਵਿਖੇ ਰਹਿੰਦਿਆਂ ਖੇਤਾਂ ਵਿੱਚ ਵਾਹੀ ਦਾ ਕੰਮ ਵੀ ਕਰਵਾਇਆ ਸੀ, ਨੌਂ ਸਾਲ ਪਹਿਲਾਂ ਖੁਸ਼ਹਾਲੀ ਦੀ ਭਾਲ ਵਿੱਚ ਮਲੇਸ਼ੀਆ ਚਲੀ ਗਈ ਸੀ। ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਤੋਂ ਇਲਾਵਾ ਨਵ ਸਰਾਂ ਪਿਛਲੇ ਸਮੇਂ ਦੌਰਾਨ ਮਸ਼ਹੂਰ ਬਲੌਗਰ ਅਤੇ ਸੋਸ਼ਲ ਮੀਡੀਆ ਕਲਾਕਾਰ ਵੱਜੋਂ ਉਭਰੀ ਸੀ, ਜਿਸ ਦੇ ਲੱਖਾਂ ਪ੍ਰਸ਼ੰਸਕ ਸਨ।