ਸਥਾਨਕ ਸ਼ਹਿਰ ਵਿਚ ਕੁਝ ਦਿਨ ਪਹਿਲਾਂ ਇਕ ਟਾਇਰ ਪੈਂਚਰ ਵਾਲੀ ਦੁਕਾਨ ਤੋਂ ਦੁਕਾਨਦਾਰ ਵੱਲੋਂ ਕੰਮ ਕਰਨ ਦੇ 10 ਰੁਪਏ ਮੰਗਣ ’ਤੇ ਕਈ ਵਿਅਕਤੀਆਂ ਨੇ ਤਲਵਾਰਾਂ ਨਾਲ ਇਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ, ਪੁਲਸ ਨੇ ਬੀਤੀ ਰਾਤ ਛੇ ਵਿਅਕਤੀਆਂ ਨੂੰ ਲੜਾਈ ਵਿਚ ਵਰਤੇ ਗਏ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਡੀ. ਐੱਸ. ਪੀ. ਪਾਤੜਾਂ ਗੁਰਦੀਪ ਸਿੰਘ ਦਿਉਲ ਦੇ ਨਾਲ ਥਾਣਾ ਮੁਖੀ ਹਰਮਨ ਪ੍ਰੀਤ ਚੀਮਾ ਤੇ ਸਿਟੀ ਇੰਚਾਰਜ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ 22 ਜੁਲਾਈ ਨੂੰ ਜਾਖਲ ਰੋਡ ਉੱਪਰ ਵਰਮਾ ਟਾਇਰ ਸਰਵਿਸ ਜੋ ਟਾਇਰ ਪੈਂਚਰ ਦਾ ਕੰਮ ਕਰਦਾ ਹੈ ਉਸ ਦੀ ਦੁਕਾਨ ’ਤੇ ਸਵੇਰੇ ਸਵੇਰੇ ਇਕ ਵਿਅਕਤੀ ਆਪਣੇ ਮੋਟਰ ਸਾਈਕਲ ਵਿਚ ਹਵਾ ਪਵਾਉਣ ਲਈ ਗਿਆ।
ਇਸ ਦੌਰਾਨ ਦੁਕਾਨਦਾਰ ਨੇ 10 ਰੁਪਏ ਦੀ ਮੰਗ ਕੀਤੀ ਉਸ ਨੂੰ ਲੈ ਕੇ ਆਪਸ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ ਜਿਸ ’ਤੇ ਗੁੱਸੇ ਵਿਚ ਆਏ ਮੋਟਰਸਾਈਕਲ ਸਵਾਰ ਨੇ ਆਪਣੇ ਸਾਥੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਨੇ ਤਲਵਾਰ ਬੇਸਬੋਲ ਨਾਲ ਦੁਕਾਨਦਾਰ ’ਤੇ ਉਪਰ ਹਮਲਾ ਕਰ ਦਿੱਤਾ ਜਿਸ ਵਿਚ ਜਸਵਿੰਦਰ ਸਿੰਘ ਸੋਨੂੰ ਉਸ ਦਾ ਭਰਾ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਉਸਦਾ ਪਿਤਾ ਪ੍ਰਕਾਸ਼ ਜ਼ਖਮੀ ਹੋ ਗਏ। ਹੁਣ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।