ਪੰਜਾਬ ’ਚ ਆਏ ਹੜ੍ਹਾਂ ਤੋਂ ਬਾਅਦ ਬੇਸ਼ੱਕ ਕਈ ਥਾਵਾਂ ’ਤੇ ਬਾਰਿਸ਼ ਜਾਰੀ ਹੈ ਅਤੇ ਸਰਕਾਰ ਵੱਲੋਂ ਵੀ ਮਦਦ ਅਜੇ ਵਿਚਾਰ ਅਧੀਨ ਹੈ ਪਰ ਸੂਬੇ ਦੀਆਂ ਸਮਾਜਿਕ ਸੰਸਥਾਵਾਂ ਨੇ ਆਪਣਾ ਕੰਮ ਤੇਜ਼ ਕਰ ਦਿੱਤਾ ਹੈ। ਸਮਾਜਿਕ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਹੜ੍ਹਾਂ ਨਾਲ ਟੁੱਟੇ ਘਰਾਂ ਦਾ ਸਰਵੇ ਜਾਰੀ ਹੈ, ਜੋ 15 ਦਿਨਾਂ ਤੱਕ ਚੱਲੇਗਾ। ਸਰਵੇ ਤੋਂ ਤੁਰੰਤ ਬਾਅਦ ਸੰਸਥਾ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹਾਂ ਨਾਲ ਨੁਕਸਾਨੇ ਗਏ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਨਾ ਹੈ। ਇਸ ਲਈ ਸੰਸਥਾ ਨੇ 10 ਕਰੋੜ ਰੁਪਏ ਰਾਖਵੇਂ ਰੱਖੇ ਹਨ, ਜਦਕਿ ਟਰੱਸਟ ਵੱਲੋਂ ਪੰਜਾਬ ਦੇ ਉਨ੍ਹਾਂ ਪਿੰਡਾਂ ਅਤੇ ਇਲਾਕਿਆਂ ਵਿਚ ਜਿੱਥੇ ਹੜ੍ਹਾਂ ਦੇ ਪਾਣੀ ਦਾ ਪ੍ਰਕੋਪ ਅਜੇ ਵੀ ਬਰਕਰਾਰ ਹੈ, ’ਚ ਹਰ ਰੋਜ਼ ਟਰੱਕਾਂ ਰਾਹੀਂ ਪਸ਼ੂਆਂ ਲਈ ਚਾਰਾ ਅਤੇ ਰਾਸ਼ਨ ਭੇਜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਸੂਬੇ ਵਿਚ ਬੀਮਾਰੀਆਂ ਫੈਲਣ ਦੇ ਖ਼ਦਸ਼ੇ ਕਾਰਨ ਦਵਾਈਆਂ ਦੇ ਪ੍ਰਬੰਧ ਵੀ ਸ਼ੁਰੂ ਕਰ ਦਿੱਤੇ ਗਏ ਹਨ। ਹੜ੍ਹਾਂ ਨੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐੱਸ. ਏ. ਐੱਸ. ਨਗਰ, ਜਲੰਧਰ, ਸੰਗਰੂਰ, ਐੱਸ. ਬੀ. ਐੱਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਅਤੇ ਬਠਿੰਡਾ ਦੇ ਇਲਾਕਿਆਂ ਵਿਚ ਤਬਾਹੀ ਮਚਾਈ ਹੈ। ਪੰਜਾਬ ਸਰਕਾਰ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਹਨ ਪਰ ਪੰਜਾਬ ਦੀਆਂ ਸਮਾਜਿਕ ਸੰਸਥਾਵਾਂ ਨੇ ਇਸ ਲਈ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਸਮਾਜਿਕ-ਆਰਥਿਕ ਤਬਦੀਲੀ ਲਈ ਕੰਮ ਕਰ ਰਹੀ ਸੰਸਥਾ ਸਰਬੱਤ ਦਾ ਭਲਾ ਦੇ ਪ੍ਰਧਾਨ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸੰਸਥਾ ਦੀਆਂ ਟੀਮਾਂ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਪਸ਼ੂਆਂ ਲਈ ਰਾਸ਼ਨ ਅਤੇ ਚਾਰਾ ਵੰਡਣ ਦਾ ਕੰਮ ਕਰ ਰਹੀਆਂ ਹਨ। ਹੁਣ ਤੱਕ 700 ਟਨ ਤੋਂ ਵੱਧ ਪਸ਼ੂਆਂ ਦਾ ਚਾਰਾ ਅਤੇ ਕਈ ਟਰੱਕ ਰਾਸ਼ਨ ਦੇ ਵੰਡੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਬਿੀਮਾਰੀਆਂ ਤੋਂ ਬਚਾਉਣ ਲਈ ਮੱਛਰਦਾਨੀਆਂ, ਕਰੀਮਾਂ, ਤਰਪਾਲਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ, ਪੁਲਸ ਦੇ ਉੱਚ ਅਧਿਕਾਰੀ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਸਰਵੇ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਆਉਣ ਵਾਲੇ 10 ਦਿਨਾਂ ’ਚ ਪੂਰਾ ਕਰ ਲਿਆ ਜਾਵੇਗਾ ਅਤੇ ਪੰਜ ਦਿਨਾਂ ਬਾਅਦ ਉਨ੍ਹਾਂ ਟੁੱਟੇ ਹੋਏ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਡਾ. ਓਬਰਾਏ ਨੇ ਦੱਸਿਆ ਕਿ ਇਸ ਲਈ ਹੜ੍ਹ ਪ੍ਰਭਾਵਿਤ ਲੋਕਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ‘ਸਰਬੱਤ ਦਾ ਭਲਾ’ ਸੰਸਥਾ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ ਆਦਿ ਵਿਚ ਲੈਬਾਰਟਰੀਆਂ ਖੋਲ੍ਹਣ, ਐਂਬੂਲੈਂਸ ਮੁਹੱਈਆ ਕਰਵਾਉਣ, ਗਰੀਬ ਬੱਚਿਆਂ ਨੂੰ ਵਜ਼ੀਫ਼ਾ ਦੇਣ ਲਈ ਮਸ਼ਹੂਰ ਹੈ।