ਰਿਆਸਤੀ ਨਗਰੀ ਤੇ ਰਿਜ਼ਰਵ ਹਲਕਾ ਨਾਭਾ ਵਿਚ ਕਿਸੇ ਵੀ ਪੈਟਰੋਲ ਪੰਪ ਤੋਂ ਬਿਨਾਂ ਨੰਬਰੀ ਵਾਹਨਾਂ ਨੂੰ ਹੁਣ ਪੈਟਰੋਲ, ਡੀਜ਼ਲ ਜਾਂ ਸੀ. ਐੱਨ. ਜੀ. ਗੈਸ ਪ੍ਰਾਪਤ ਨਹੀਂ ਹੋਵੇਗੀ। ਅਜਿਹਾ ਅਮਲੀ ਤੌਰ ’ਤੇ ਹੁੰਦਾ ਨਜ਼ਰ ਆਵੇ ਇਸ ਲਈ ਐੱਸ. ਡੀ. ਐੱਮ. ਨਾਭਾ ਵੱਲੋਂ ਪੈਟਰੋਲੀਅਮ ਐਸੋਸੀਏਸ਼ਨ ਦੇ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਹਾਜ਼ਰ ਨਾਭਾ ਦੇ ਸਾਰੇ ਪੈਟਰੋਲੀਅਮ ਡੀਲਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਸੁਝਾਅ ਨਾਲ ਉਭਰ ਕੇ ਆਏ ਇਸ ਸਮਾਜਿਕ ਕਾਰਜ ਨੂੰ ਲਾਗੂ ਕਰਨ ਦਾ ਅਹਿਦ ਲਿਆ।
ਦੱਸਣਯੋਗ ਹੈ ਕਿ ਹਲਕਾ ਨਾਭਾ ਦੀਆਂ ਸਮੱਸਿਆਵਾਂ ਦੇ ਉਚਿੱਤ ਹੱਲ ਲਈ ਹਲਕਾ ਨਾਭਾ ਦੇ ਬੁੱਧੀਜੀਵੀਆਂ ਵਲੋਂ ਸੰਵਾਦ ਨਾਮੀ ਇਕ ਸਾਂਝਾ ਮੰਚ ਸਿਰਜਿਆ ਗਿਆ ਹੈ, ਜਿਸ ਦੀ ਪਹਿਲੀ ਮੀਟਿੰਗ ਬਾਅਦ ਨਜ਼ਰ ਆ ਰਹੀਆਂ ਸਰਗਰਮੀਆਂ ਦੌਰਾਨ ਸਮਾਜਿਕ ਮੁੱਦਿਆਂ ਨੂੰ ਚੁੱਕ ਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜਿਕ ਮੰਚ ਤੋਂ ਉੱਠੀ ਆਵਾਜ਼ ਨਾਲ ਪ੍ਰਸ਼ਾਸਨ ਅਤੇ ਬੁੱਧੀਜੀਵੀਆਂ ਵਿਚਕਾਰ ਸਹਿਮਤੀ ਬਣੀ ਕਿ ਹਲਕਾ ਨਾਭਾ ਵਿਖੇ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ’ਚ ਜ਼ਿਆਦਾਤਰ ਵਾਹਨ ਬਿਨਾਂ ਨੰਬਰੀ ਪਲੇਟਾਂ ਵਾਲੇ ਵਰਤੇ ਜਾਂਦੇ ਨਜ਼ਰ ਆਉਂਦੇ ਹਨ। ਇਹ ਫੈਸਲਾ ਲਿਆ ਗਿਆ ਕਿ ਬਿਨਾਂ ਨੰਬਰੀ ਵਾਹਨਾਂ ਨੂੰ ਹਟਾਉਣ ਲਈ ਉਨ੍ਹਾਂ ਦੀਆਂ ਪੈਟਰੋਲਿੰਗ ਜ਼ਰੂਰਤਾਂ ’ਤੇ ਰੋਕ ਲਾਈ ਜਾਵੇ ਤਾਂ ਨਾ ਸਿਰਫ ਹਲਕੇ ’ਚ ਅਪਰਾਧਿਕ ਘਟਨਾਵਾਂ ’ਤੇ ਰੋਕ ਲੱਗਣਾ ਸੰਭਾਵਿਤ ਹੈ ਬਲਕਿ ਬਿਨਾਂ ਨੰਬਰੀ ਵਾਹਨਾ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ।