ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਲਈ ਸਿੱਖ ਭਾਈਚਾਰੇ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਐਤਵਾਰ ਨੂੰ ਕਿਹਾ ਕਿ ਉਹ ਸਿੱਖ ਹੀ ਸਨ, ਜਿਨ੍ਹਾਂ ਨੇ ਰਾਮ ਜਨਮਭੂਮੀ ਅੰਦੋਲਨ ਸ਼ੁਰੂ ਕੀਤਾ ਅਤੇ ਕੋਈ ਵੀ ਭਾਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ’ਤੇ ਲਖਨਊ ਦੇ ਆਲਮਬਾਗ ਗੁਰਦੁਆਰੇ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਸਨਾਤਨ ਧਰਮ ਦੀ ਰੱਖਿਆ ਲਈ ਬਹੁਤ ਕੁਝ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੈਂ ਸਰਕਾਰੀ ਰਿਕਾਰਡ ਦੇ ਆਧਾਰ ’ਤੇ ਇਕ ਅਹਿਮ ਤੱਥ ਸਾਂਝਾ ਕਰਨਾ ਚਾਹੁੰਦਾ ਹਾਂ। 1 ਦਸੰਬਰ, 1858 ਨੂੰ ਦਰਜ ਇਕ ਐੱਫ. ਆਈ. ਆਰ. ਮੁਤਾਬਕ, ਸਿੱਖਾਂ ਦੇ ਇਕ ਸਮੂਹ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਜੈਕਾਰੇ ਲਾਉਂਦੇ ਹੋਏ ਉਸ ਕੰਪਲੈਕਸ ’ਤੇ ਕਬਜ਼ਾ ਕਰ ਲਿਆ ਸੀ ਅਤੇ ਕੰਧਾਂ ’ਤੇ ਹਰ ਜਗ੍ਹਾ ‘ਰਾਮ-ਰਾਮ’ ਲਿਖ ਦਿੱਤਾ ਸੀ। ਰਾਜਨਾਥ ਨੇ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ।