ਇਹਨਾਂ ਹੜਾਂ ਨੇ ਹਾੜ ਮਹੀਨੇ ਵਿਚ ਹੀ ਹੜ ਕੇ ਲੋਕਾਂ ਦੀਆਂ ਲਿਲਕੜੀਆਂ ਕਢਵਾ ਦਿੱਤੀਆਂ ਨੇ। ਜਿੱਧਰ ਵੇਖੋ, ਪਾਣੀ ਹੀ ਪਾਣੀ ਫਿਰਦਾ ਹੈ। ਕਈ ਜਾਨਾਂ ਲੈ ਗਿਆ ਇਹ ਆਪ ਮੁਹਾਰਾ ਪਾਣੀ। ਲੋਕਾਂ ਲਈ ‘ਹੋਣੀ’ ਬਣ ਕੇ ਆਇਆ ਹੈ ਇਹ 2023 ਦਾ ਹੜ ਤੇ ਲੋਕਾਂ ਨੂੰ ਉਜਾੜ ਗਿਆ ਹੈ ਬੁਰੀ ਤਰਾਂ। ਪੰਜਾਬ ਦੇ ਜਿਸ ਮਾਲਵੇ ਖਿੱਤੇ ਵਿੱਚ ਮੈਂ ਰਹਿੰਦਾ ਹਾਂ, ਏਧਰ ਹਾਲੇ ਹੜਾਂ ਤੋਂ ਬੜੀ ਬੱਚਤ ਰਹੀ ਹੈ। ਪਰ ਹੋਰਨਾਂ ਨੂਸ਼ ਦੇਖ-ਦੇਖ ਕੇ ਦਿਲਾਂ ਨੂੰ ਡੋਬੂ ਪੈਂਦੇ ਨੇ, ਜਿਵੇਂ ਪਾਣੀ ਵਿਚ ਲੋਕ ਡੁੱਬੇ ਹਨ। ਹੜ ਤਾਂ ਪਹਿਲਾਂ ਵੀ ਆਉਂਦੇ ਰਹੇ ਆਣ ਕੇ ਮੁੜ ਜਾਂਦੇ ਸਨ ਤੇ ਚਰਚਾ ਵੀ ਨਾ ਮਾਤਰ ਹੀ ਹੁੰਦੀ ਸੀ। ਕਿਉਂਕਿ ਸੋਸ਼ਲ ਮੀਡੀਆ ਨਹੀ ਸੀ ਉਦੋਂ, ਤੇ ਬਹੁਤ ਕੁਝ ਅੱਖੋਂ ਪਰੋਖੇ ਤੇ ਦੱਬਿਆ ਹੀ ਰਹਿ ਜਾਂਦਾ ਸੀ। ਹੁਣ ਹਾਲਾਤ ਹੋਰ ਹਨ, ਜਿਥੇ ਜੋ ਵੀ ਹੁਸ਼ਦਾ ਹੈ, ਉਸਦੀ ਪਲ-ਪਲ ਦੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਹੈ। ਖੈਰ!
ਸਿਆਣੇ ਕਹਿੰਦੇ ਨੇ ਪਹਿਲਾ ਹੜ 1965 ਵਿਚ ਆਇਆ ਸੀ। ਮਾਲਵੇ ਦਾ ਨੁਕਸਾਨ ਹੋਣੋ ਬਚ ਗਿਆ ਸੀ ਉਦੋਂ ਵੀ। ਫਿਰ 1988-89 ਵਿਚ ਹੜ ਆਇਆ, ਉਦੋਂ ਮੇਰੀ ਉਮਰ 8 ਸਾਲਾਂ ਦੀ ਸੀ। ਬਾਰਡਰ ਜਿਲੇ ਫਿਰੋਜ਼ਪੁਰ ਜਿਲੇ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਸਾਡੇ ਪਿੰਡ ਵੀ ਪਾਣੀ ਆਇਆ ਸੀ। ਬਹੁਤੀ ਬੱਚਤ ਹੀ ਰਹੀ ਸੀ। ਉਦੋਂ ਕੁ ਜਿਹੇ ਮੈਂ ਸੁਣਿਆ ਸੀ ਕਿ ਪਾਣੀ ਤੋਂ ਜਾਨ ਬਚਾਉਣ ਲਈ ਇਕ ਬੰਦਾ ਕਿੱਕਰ ਉਤੇ ਚੜ ਗਿਆ। ਕਿੱਕਰ ਉਤੇ ਹੀ ਉਸਨੂੰ ਸੱਪ ਨੇ ਡੰਗ ਲਿਆ ਤੇ ਆਖਿਰ ਉਹ ਪਾਣੀ ਵਿਚ ਡਿੱਗ ਪਿਆ। ਉਸ ਬੰਦੇ ਦੀ ਪਾਣੀ ਨਾਲ ਡੁੱਬਣ ਕਰਕੇ ਹੀ ਮੌਤ ਹੋਈ ਸੀ। ਖੇਤਾਂ ‘ਚੋਂ ਸੱਪ ਪਾਣੀ ਵਿਚ ਤਰ ਕੇ ਅੱਗੇ ਨਿਕਲ ਗਏ ਸਨ। ਸੱਪਾਂ ਦੀਆਂ ਖੁੱਡਾਂ ਵੀ ਪਾਣੀ ਪੀ ਗਿਆ ਸੀ। ਖੇਤਾਂ ਵਿਚੋ ਚਾਰ ਚੁਫੇਰੇ ਮੁਸ਼ਕ ਮਾਰਦਾ ਸੀ, ਚੂਹੇ ਤੇ ਬਿੱਲੀਆਂ ਮਾਰੇ ਗਏ ਸਨ। ਫਿਰੋਜ਼ਪੁਰ ਜਿਲੇ ਵਿਚ ਕੳਝ ਪਿੰਡਾਂ ਵਿੱਚ ਪਾਣੀ ਨਾਲ ਪਸ਼ੂ ਵੀ ਮਰੇ ਸਨ।
ਮੈਨੂੰ ਅਜ ਵੀ ਯਾਦ ਹੈ ਕਿ ਬਹੁਤ ਦਿਨ ਮੀਂਹ ਨਹੀ ਸੀ ਹਟਿਆ। ਸਾਡੇ ਘਰ ਦੇ ਸਾਰੇ ਕਮਰੇ ਕੱਚੇ ਸਨ। ਛੱਤਾਂ ਸ਼ਤੀਰਾਂ ਤੇ ਕਾਨਿਆਂ ਦੀਆਂ ਸਨ। ਛੱਤਾਂ ਤ੍ਰਿਪ ਤ੍ਰਿਪ ਚੋਣ ਲੱਗੀਆਂ ਸਨ,ਤਾਂ ਘਰ ਦੇ ਜੀਆਂ ਨੇ ਬੱਠਲ ਬਾਲਟੀਆਂ ਚੋਂਦੇ ਪਾਣੀ ਹੇਠਾਂ ਰੱਖੇ। ਫਿਰ ਵੀ ਪਾਣੀ ਅੱਗੇ ਕੋਈ ਵਾਹ ਨਾ ਚੱਲੀ। ਪਾਣੀ ਨੱਕ ‘ਚ ਦਮ ਕਰਨ ਲੱਗਾ। ਸਾਡੀ ਕੱਚੀ ਕੰਧ ਧੜੇਹ ਕਰਕੇ ਡਿੱਗ ਪਈ ਤੇ ਘਰ ਦੇ ਸਾਰੇ ਜੀਅ ਡਰ ਗਏ। ਮੇਰੀ ਮਾਸੀ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ ਤੇ ਉਨਾਂ ਦੇ ਕੁਝ ਕਮਰੇ ਪੱਕੇ ਸਨ। ਅਸੀਂ ਮੰਜੇ ਬਿਸਤਰੇ ਚੁੱਕੇ ਤੇ ਮਾਸੀ ਕੇ ਘਰ ਜਾਕੇ ਸ਼ਰਨ ਲੈ ਲਈ। ਕਈ ਦਿਨ ਮੀਂਹ ਫਿਰ ਵੀ ਨਾ ਹਟਿਆ। ਲੋਕਾ ਨੇ ਸੁੱਖਾਂ ਸੁਖੀਆਂ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕੀਤੀਆਂ। ਕੋਈ ਅਸਰ ਨਾ ਹੋਇਆ। ਸਾਰੇ ਲੋਕ ਅਕਾਸ਼ ਵੱਲ ਮੂੰਹ ਕਰਕੇ ਦੇਖਦੇ ਰਹਿੰਦੇ ਕਿ ਕਦੋਂ ਦਰਸ਼ਨ ਦੇਵੇਗਾ ਸੂਰਜ ਦੇਵਤਾ? ਇਕ ਦਿਨ ਸਵੇਰੇ ਸੂਰਜ ਦੇਵਤਾ ਦੀ ਕਿਰਨ ਲਿਸ਼ਕੀ,
ਤਾਂ ਲੋਕ ਰੱਬ ਦਾ ਸ਼ੁਕਰਾਨਾ ਕਰਦੇ ਖੁਸ਼ ਹੋਣ ਲੱਗੇ। ਹੌਲੀ-ਹੌਲੀ ਪਾਣੀ ਸੁੱਕਣ ਲੱਗਿਆ ਤੇ ਲੋਕ ਖੇਤ ਵਗੈਰਾ ਨੂੰ ਜਾਣ ਲੱਗੇ। ਪਾਣੀ ਦੇ ਪੀਤੇ ਖੇਤਾਂ ਦਾ ਚਿਹਰਾ ਮੋਹਰਾ ਬਿਲਕੁੱਲ ਬਦਲ ਗਿਆ ਸੀ। ਮੇਰੇ ਤਾਏ ਰਾਮ ਨੇ ਗੱਡੀ ਬੋਤੀ ਜੋੜੀ ਤੇ ਅਸੀਂ ਖੇਤ ਨੂੰ ਗਏ। ਖੇਤ ਪਛਾਣ ਵਿਚ ਨਹੀ ਸੀ ਆਉਂਦੇ। ਤਾਇਆ ਬੜਾ ਉਦਾਸ ਹੋਇਆ। ਵੱਟਾਂ, ਬੰਨੇ ਤੇ ਖਾਲੇ ਸਭ ਮਿਟ ਗਏ ਸਨ।
(2023 ਦੇ ਹੜ)
ਇਸ ਵਾਰੀ ਦੇ ਆਏ ਹੜਾਂ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਦੋਸ਼ ਕਿਸਦਾ ਹੈ? ਕੀ ਅਜੋਕੇ ਮਨੁੱਖ ਦਾ ਦੋਸ਼ ਹੈ, ਜੋ ਕੁਦਰਤ ਨਾਲ ਖਿਲਵਾੜ ਕਰਨੋ ਨਹੀ ਹਟ ਰਿਹਾ? ਕੀ ਸਰਕਾਰਾਂ ਦਾ ਦੋਸ਼ ਹੈ, ਜੋ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਨਹੀ ਕਰਦੀਆਂ? ਕੀ ਇੰਦਰ ਦੇਵਤੇ ਦਾ ਕਸੂਰ ਹੈ ਕਿ ਉਹ ਹਿਸਾਬ ਸਿਰ ਮੀਂਹ ਨਹੀ ਪਾਉਂਦਾ? ਅਜਿਹੇ ਸਵਾਲ ਲੋਕ ਸੋਸ਼ਲ ਮੀਡੀਆ ਉਤੇ ਇਕ ਦੂਜੇ ਨੂੰ ਕਰ ਕਰ ਕੇ ਪੁੱਛ ਰਹੇ ਹਨ।
ਇਕ ਖਬਰ ਨੇ ਮੈਨੂੰ ਬੜਾ ਉਦਾਸ ਕੀਤਾ ਹੈ ਕਿ ਨੇਤਾ ਲੋਕ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਨੇ, ਲੋਕਾਂ ਉਤੇ ਕੁਦਰਤ ਨੇ ਬਿਪਤਾ ਪਾਈ ਹੈ ਤੇ ਇਹ ਸਿਆਸੀ ਰੋਟੀਆਂ ਸੇਕਣ ਲਈ ਇਕ ਦੂਸਰੇ ਨਾਲ ਲੜ ਭਿੜ ਰਹੇ ਹਨ। ਕੈਬਨਿਟ ਮੰਤਰੀ ਜੌੜੇਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਦੀ ਆਪਸ ਵਿੱਚ ਹੋਈ “ਤੂੰ ਤੂੰ ਮੈ ਮੈਂ” ਕਿਓਂ ਹੋਈ? ਕੀ ਇਹੋ ਮੌਕਾ ਲੱਭਿਆ ਇਨਾਂ ਨੂੰ ਲੜਨ ਵਾਸਤੇ? ਸਿਆਸੀ ਧਿਰਾਂ ਨੂਸ਼ ਇਸ ਸੰਕਟਮਈ ਸਮੇਂ ਏਕਾ ਕਰਨ ਦੀ ਲੋੜ ਹੈ ਨਾ ਕਿ ਆਪੋ ਵਿੱਚ ਬਹਿਸਣ ਦੀ, ਜਾਂ ਫੋਕੀ ਵਾਹ ਵਾਹ ਖੱਟਣ ਦੀ। ਆਪਣੀ ਡਾਇਰੀ ਦਾ ਪੰਨਾ ਲਿਖਦਿਆਂ ਮੈਂ ਬੇਹੱਦ ਉਦਾਸ ਹਾਂ।
ਰੱਬ ਖੈਰ ਕਰੇ!