ਨਵੀਂ ਦਿੱਲੀ:ਉੱਤਰ-ਪੂਰਬੀ ਦਿੱਲੀ ਦੇ ਤੁਕਮੀਰਪੁਰ ਖੇਤਰ ’ਚ ਸਰਕਾਰੀ ਸਕੂਲ ਦੇ ਛੇਵੀਂ ਦੇ ਵਿਦਿਆਰਥੀ ਨੂੰ ਹਿੰਦੀ ਪਾਠ ਪੁਸਤਕ ਲਿਆਉਣਾ ਭੁੱਲਣ ਕਾਰਨ ਅਧਿਆਪਕ ਵੱਲੋਂ ਕਥਿਤ ਥੱਪੜ ਮਾਰਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਪੁਲੀਸ ਨੂੰ ਜੀਟੀਬੀ ਹਸਪਤਾਲ ਤੋਂ ਸੂਚਨਾ ਮਿਲੀ ਕਿ 7 ਅਗਸਤ ਨੂੰ 12 ਸਾਲਾ ਲੜਕੇ ਨੂੰ ਉਸ ਦੇ ਸਕੂਲ ਅਧਿਆਪਕ ਦੁਆਰਾ ਕੁੱਟਣ ਤੋਂ ਬਾਅਦ ਦਾਖਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਲੜਕੇ ਦੇ ਪਿਤਾ ਦੀ ਸ਼ਿਕਾਇਤ ‘ਤੇ ਸਾਦੁਲ ਹਸਨ ਖ਼ਿਲਾਫ਼ ਦਿਆਲਪੁਰ ਪੁਲੀਸ ਸਟੇਸ਼ਨ ‘ਚ ਆਈਪੀਸੀ ਦੀ ਧਾਰਾ 341 ਅਤੇ 323 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲੀਸ ਮੁਤਾਬਕ ਬੱਚਾ ਆਪਣੀ ਹਿੰਦੀ ਦੀ ਪਾਠ ਪੁਸਤਕ ਸਕੂਲ ਲਿਆਉਣਾ ਭੁੱਲ ਗਿਆ ਸੀ, ਜਿਸ ਕਾਰਨ ਅਧਿਆਪਕ ਗੁੱਸੇ ਵਿੱਚ ਸੀ। ਜਦੋਂ ਲੜਕਾ ਕਲਾਸ ’ਚੋਂ ਬਾਹਰ ਜਾ ਰਿਹਾ ਸੀ ਤਾਂ ਹਸਨ ਨੇ ਉਸ ਨੂੰ ਜਾਣ ਤੋਂ ਰੋਕਿਆ ਅਤੇ ਥੱਪੜ ਮਾਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤ ਦੀ ਗਰਦਨ ਵੀ ਦਬਾਈ ਸੀ। ਘਟਨਾ ਤੋਂ ਬਾਅਦ ਲੜਕੇ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਪਿਤਾ ਨੇ ਪੁਲੀਸ ਕੋਲ ਪਹੁੰਚ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਜ਼ਮਾਨਤ ‘ਤੇ ਛੱਡ ਦਿੱਤਾ ਗਿਆ