ਮਾਨ ਸਰਕਾਰ ਨੇ ਖੁੱਲ੍ਹੀ ਬਹਿਸ ਲਈ ਖਿੱਚੀ ਪੂਰੀ ਤਿਆਰੀ, ਹੁਣ ਇਸ ਜਗ੍ਹਾ ਦੀ ਕਰਵਾਈ ਬੁਕਿੰਗ

Share on Social Media

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ। ਇਹ ਬਹਿਸ ਤੈਅ ਸਮੇਂ ਮਤਲਬ ਕਿ ਇਕ ਨਵੰਬਰ ਨੂੰ ਹੀ ਹੋਵੇਗੀ। ਇਹ ਬਹਿਸ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਦੀ ਬੁਕਿੰਗ ਕਰਵਾਈ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਬਹਿਸ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੀ ਬੁਕਿੰਗ ਕਰਵਾਈ ਸੀ ਪਰ ਟੈਗੋਰ ਥੀਏਟਰ ਸੁਸਾਇਟੀ ਨੇ ਇਸ ਲਈ ਨਾਂਹ ਕਰ ਦਿੱਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਰਨ ਚੰਡੀਗੜ੍ਹ ‘ਚ ਪੈਂਦੇ ਟੈਗੋਰ ਥੀਏਟ ਦੀ ਬੁਕਿੰਗ ‘ਚ ਕੋਈ ਅੜਿੱਕਾ ਪੈ ਸਕਦਾ ਹੈ, ਜਿਸ ਕਾਰਨ ਬਦਲਵੇਂ ਇੰਤਜ਼ਾਮ ਵੀ ਕੀਤੇ ਗਏ ਸਨ।