ਚੰਡੀਗੜ੍ਹ : ਪੰਜਾਬ ਦੇ 9 ਸਾਲ ਖ਼ਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਤਾਜ਼ਾ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਦੀ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਾਂਚ ਅੰਤਿਮ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਕਿਸੇ ਸਮੇਂ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।
ਇਕ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਕ ਵਿਜੀਲੈਂਸ ਹੱਥ ਕੁੱਝ ਅਹਿਮ ਨੁਕਤੇ ਲੱਗੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਜਾਂਚ ’ਚ ਬਠਿੰਡਾ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ’ਤੇ ਆ ਗਏ ਹਨ। ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ‘ਚ ਦੋ ਰਿਹਾਇਸ਼ੀ ਪਲਾਟ ਖ਼ਰੀਦੇ ਸਨ। ਬਠਿੰਡਾ ਵਿਕਾਸ ਅਥਾਰਿਟੀ ਤੋਂ ਪਲਾਟ ਖ਼ਰੀਦਣ ਲਈ ਆਨਲਾਈਨ ਬੋਲੀ ਲੱਗੀ ਸੀ। ਬੋਲੀ ਵਿਚ ਦੋ ਵਿਅਕਤੀਆਂ ਰਾਜੀਵ ਤੇ ਵਿਕਾਸ ਤੋਂ ਇਲਾਵਾ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ।