ਚੰਡੀਗੜ੍ਹ : ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੀ ਮਾਤਾ ਜੀ ਦੇ ਦੇਹਾਂਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਧਰਮ ਅਤੇ ਗੁਰਬਾਣੀ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਦੇ ਸਤਿਕਾਰਯੋਗ ਮਾਤਾ ਪਰਮਿੰਦਰ ਕੌਰ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ। ਇਸ ਦੁੱਖਦਾਈ ਘੜੀ ’ਚ ਪਰਿਵਾਰ ਅਤੇ ਭਾਈ ਸਾਹਿਬ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਨਾਲ ਹੀ ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨਾਂ ’ਚ ਥਾਂ ਦੇਣ ਅਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਹੌਂਸਲਾ ਹਿੰਮਤ ਬਖ਼ਸ਼ਣ।
ਅੱਜ ਹੋਇਆ ਸੀ ਦੇਹਾਂਤ
ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮਾਤਾ ਪਰਮਿੰਦਰ ਕੌਰ ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਭਲਕੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਦੀ ਛਾਤੀ ’ਚ ਇਨਫੈਕਸ਼ਨ ਫੈਲ ਗਈ ਸੀ ਅਤੇ ਦਿਲ ’ਚ ਵੀ ਕੁੱਝ ਸਮੱਸਿਆ ਆਈ ਸੀ, ਜਿਸ ਤੋਂ ਬਾਅਦ ਸਟੰਟ ਪੁਆਏ ਗਏ। ਉਹ ਠੀਕ ਵੀ ਹੋ ਗਏ ਪਰ ਹਸਪਤਾਲ ਤੋਂ ਘਰ ਆਉਣ ਮਗਰੋਂ ਸਿਹਤ ਜ਼ਿਆਦਾ ਵਿਗੜ ਗਈ ਅਤੇ ਇਨਫੈਕਸ਼ਨ ਫੈਲਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।