ਫਰੀਦਕੋਟ : ਸਥਾਨਕ ਕੋਟਕਪੂਰਾ ਰੋਡ ‘ਤੇ ਸਥਿਤ ਬਾਬਾ ਫਰੀਦ ਲਾਅ ਕਾਲਜ ਦੇ ਹੋਸਟਲ ‘ਚ ਬੀਤੀ ਰਾਤ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਸਥਾਨਕ ਬਾਬਾ ਫ਼ਰੀਦ ਲਾਅ ਕਾਲਜ ‘ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਚੌਥੇ ਸਾਲ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਬੀਤੀ ਰਾਤ ਆਪਣੇ ਹੋਸਟਲ ਦੇ ਕਮਰੇ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹੋਸਟਲ ਵਾਰਡਨ ਨੂੰ ਸਵੇਰੇ ਇਸ ਗੱਲ ਦਾ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੇ ਕਾਲਜ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰਿੰਸੀਪਲ ਪੰਕਜ ਕੁਮਾਰ ਨੇ ਦੱਸਿਆ ਕਿ ਵਾਰਡਨ ਨੇ ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦੀ ਸੂਚਨਾ ਦਿੱਤੀ | ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਨਦੀਪ ਕੌਰ ਬੀਤੇ ਦਿਨ ਹੀ ਘਰੋਂ ਆਈ ਸੀ ਤੇ ਉਸ ਨੇ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਤਾਂ ਹੀ ਪਤਾ ਲੱਗ ਸਕੇਗਾ ਕਿ ਕਾਰਨ ਕੀ ਸੀ।