ਜਲੰਧਰ – ਸ਼ੁੱਕਰਵਾਰ ਦੁਪਹਿਰ ਸਿਟੀ ਹੱਬ ਹੋਟਲ ਵਿਖੇ ਆਪਣੀ ਸਾਬਕਾ ਮਹਿਲਾ ਸਾਥੀ, ਉਸ ਦੇ ਭਰਾ, ਪੱਤਰਕਾਰ ਸਮੇਤ 4 ਵਿਅਕਤੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਮੀਡੀਆ ਪਰਸਨ ਰਵੀ ਗਿੱਲ ਦੇ ਪਰਿਵਾਰ ਵਾਲਿਆਂ ਨੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਤਕ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਦੁਪਹਿਰ ਬਾਅਦ ਪੀੜਤ ਪਰਿਵਾਰ ਨੇ ਰਵੀ ਗਿੱਲ ਦੇ ਸਮਰਥਕਾਂ ਨਾਲ ਭਗਵਾਨ ਵਾਲਮੀਕਿ ਚੌਂਕ ’ਚ ਧਰਨਾ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਸਾਰੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ।
ਪੁਲਸ ਪੀੜਤ ਪਰਿਵਾਰ ਨੂੰ ਮਨਾਉਂਦੀ ਰਹੀ ਪਰ ਕੋਈ ਭਰੋਸਾ ਨਾ ਮਿਲਣ ’ਤੇ ਸਮਰਥਕਾਂ ਨੇ ਚੌਂਕ ਦੇ ਆਲੇ-ਦੁਆਲੇ ਸਥਿਤ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ। ਦੇਰ ਰਾਤ ਤੱਕ ਡੀ. ਸੀ. ਪੀ. ਅੰਕੁਰ ਗੁਪਤਾ, ਵਿਧਾਇਕ ਰਮਨ ਅਰੋੜਾ ਪੀੜਤ ਪਰਿਵਾਰ ਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਦੇਰ ਰਾਤ ਤੱਕ ਧਰਨਾ ਜਾਰੀ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਕੁਝ ਲੋਕਾਂ ਦੇ ਮੋਬਾਇਲ ਆਨ ਹਨ ਪਰ ਪੁਲਸ ਉਨ੍ਹਾਂ ਨੂੰ ਟਾਲ-ਮਟੋਲ ਕਰ ਰਹੀ ਹੈ, ਜਿਵੇਂ ਹੀ ਸਿਵਲ ਹਸਪਤਾਲ ’ਚ ਰਵੀ ਗਿੱਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕੀਤੀ ਗਈ ਤਾਂ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਨਾ ਕਰਨ ’ਤੇ ਅੜ ਗਏ।