ਪੰਜਾਬ ਤੋਂ ਕੈਨੇਡਾ ਆਏ ਕੀਰਤਨੀ ਜਥੇ ਦੇ ਗਾਇਬ ਹੋਣ ਦੀ ਪੁਲਿਸ ਕੋਲ ਹੋਈ ਸ਼ਿਕਾਇਤ

Share on Social Media

ਐਡਮਿੰਟਨ : ਭਾਰਤ ਤੋਂ ਧਰਮ ਪ੍ਰਚਾਰ ਦੇ ਵੀਜ਼ੇ ‘ਤੇ ਕੈਨੇਡਾ ਆਉਣ ਵਾਲੇ ਰਾਗੀ-ਢਾਡੀ ਜਾਂ ਗ੍ਰੰਥੀ ਸਿੰਘਾਂ ਦੇ ਆਪਣੇ ਵੀਜ਼ੇ ਦੀ ਮਿਆਦ ਖ਼ਤਮ ਹੋਣ ਉਪਰੰਤ ਉਡਾਰੀ ਮਾਰ ਜਾਣ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਇਸੇ ਦੌਰਾਨ ਅਜਿਹੀ ਹੀ ਇਕ ਖਬਰ ਮਿਲੀ ਹੈ ਕਿ ਐਡਮਿੰਟਨ ਦੇ ਗੁਰਦੁਆਰਾ ਸਿੰਘ ਸਭਾ ਵਲੋਂ ਬੁਲਾਏ ਗਏ ਇਕ ਕੀਰਤਨੀ ਜਥੇ ਦੇ ਦੋ ਰਾਗੀ ਸਿੰਘ ਉਡਾਰੀ ਮਾਰ ਗਏ ਹਨ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਤੂਰ ਨੇ ਦੱਸਿਆ ਹੈ ਕਿ ਅਪ੍ਰੈਲ 2022 ਤੋਂ ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਜਥੇ ਵਜੋਂ ਸੇਵਾ ਨਿਭਾਅ ਰਹੇ ਭਾਈ ਜਸਕਰਨ ਸਿੰਘ ਅਟਵਾਲ, ਭਾਈ ਜਰਨੈਲ ਸਿੰਘ ਤੇ ਤਬਲਾਵਾਦਕ ਭਾਈ ਦਿਲਪ੍ਰੀਤ ਸਿੰਘ ਦੇ ਰਾਗੀ ਜਥੇ ਦੀਆਂ ਸੇਵਾਵਾਂ ਜੂਨ 2023 ਦੇ ਅੰਤ ਤਕ ਸਮਾਪਤ ਹੋ ਗਈਆਂ ਸਨ।
ਗੁਰਦੁਆਰਾ ਕਮੇਟੀ ਦੀ ਜਾਣਕਾਰੀ ਅਨੁਸਾਰ ਕੇਵਲ ਤਬਲਾਵਾਦਕ ਦਿਲਪ੍ਰੀਤ ਸਿੰਘ ਹੀ ਲੁਧਿਆਣਾ ਸਥਿਤ ਆਪਣੇ ਘਰ ਵਾਪਸ ਪੁੱਜੇ ਹਨ ਜਦਕਿ ਮੁੱਖ ਰਾਗੀ ਜਸਕਰਨ ਸਿੰਘ ਤੇ ਸਹਾਇਕ ਰਾਗੀ ਜਰਨੈਲ ਸਿੰਘ ਵਾਪਸ ਭਾਰਤ ਨਹੀਂ ਪੁੱਜੇ। ਜਦੋਕਿ ਉਹਨਾਂ ਦਾ ਵੀਜਾ 1 ਜੁਲਾਈ 2023 ਨੂੰ ਸਮਾਪਤ ਹੋ ਗਿਆ ਹੈ। ਗੁਰਦੁਆਰਾ ਕਮੇਟੀ ਵੱਲੋਂ ਇਸ ਦੀ ਸੂਚਨਾ ਇਮੀਗ੍ਰੇਸ਼ਨ ਵਿਭਾਗ ਨੂੰ ਲਿਖਤੀ ਰੂਪ ਵਿਚ ਭੇਜ ਦਿੱਤੀ ਗਈ ਹੈ।