ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਨੁਕਸਾਨ ਦੇ ਅੰਦਾਜ਼ੇ ਅਤੇ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਪੂਰਤੀ ਕਰਨ ਲਈ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਸਹਿਮਤੀ ਦੇ ਦਿੱਤੀ।
ਇਸ ਸਬੰਧੀ ਫੈਸਲਾ ਇਥੇ ਸ਼ਨੀਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਦਾ ਮੰਨਣਾ ਸੀ ਕਿ ਸੂਬੇ ਦੇ 19 ਜ਼ਿਲਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸਨ। ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਣ 44 ਵਿਅਕਤੀਆਂ ਦੀ ਜਾਨ ਗਈ, 22 ਜ਼ਖ਼ਮੀ ਹੋਏ, 391 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਤੇ 878 ਦਾ ਅੰਸ਼ਕ ਨੁਕਸਾਨ ਹੋਇਆ ਅਤੇ 1277 ਵਿਅਕਤੀ ਹਾਲੇ ਵੀ 159 ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਲੋਕਾਂ ਦੇ ਨੁਕਸਾਨ ਦੇ ਇਕ-ਇਕ ਪੈਸੇ ਦੀ ਪੂਰਤੀ ਲਈ ਇਹ ਵਿਸ਼ੇਸ਼ ਗਿਰਦਾਵਰੀ 15 ਅਗਸਤ ਤੱਕ ਮੁਕੰਮਲ ਕੀਤੀ ਜਾਵੇਗੀ।
ਨਵੀਂ ਖੇਡ ਨੀਤੀ-2023 ਨੂੰ ਹਰੀ ਝੰਡੀ; ਖਿਡਾਰੀਆਂ ਲਈ ਨੌਕਰੀਆਂ, ਸਿਖਲਾਈ, ਰਿਆਇਤਾਂ ਅਤੇ ਆਹਲਾ ਮਿਆਰੀ ਖੇਡ ਢਾਂਚੇ ’ਤੇ ਜ਼ੋਰ:
ਖੇਡਾਂ ਦੇ ਖੇਤਰ ਵਿਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦੇ ਨਾਲ-ਨਾਲ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਨਵੀਂ ਖੇਡ ਨੀਤੀ-2023 ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਂ ਖੇਡ ਨੀਤੀ-2023 ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਝਲਕ ਪੇਸ਼ ਕਰਦਾ ਹੈ ਜਿਸ ਨਾਲ ਕੋਚ ਅਤੇ ਖੇਡ ਮਾਹਿਰਾਂ ਦੀ ਢੁਕਵੀਂ ਗਿਣਤੀ ਨਾਲ ਪਿੰਡਾਂ, ਸ਼ਹਿਰਾਂ ਅਤੇ ਜ਼ਿਲਾ ਅਤੇ ਸੂਬਾ ਪੱਧਰ ’ਤੇ ਆਹਲਾ ਦਰਜੇ ਦਾ ਖੇਡ ਢਾਂਚਾ ਵਿਕਸਤ ਹੋਵੇਗਾ। ਇਹ ਕੋਚ ਤੇ ਮਾਹਿਰ ਕਲਸਟਰ ਪੱਧਰ ’ਤੇ ਮੁਢਲੀ ਸਿਖਲਾਈ, ਅਥਲੈਟਿਕਸ/ਖੇਡਾਂ/ਫਿਟਨੈੱਸ ਵਿਚ ਸਹੀ ਦਿਸ਼ਾ ਦੇਣਗੇ। ਇਸੇ ਤਰ੍ਹਾਂ ਇਹ ਖੇਡ ਨੀਤੀ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਕਲੱਸਟਰ ਪੱਧਰ ’ਤੇ ਪ੍ਰਸਿੱਧ ਖੇਡਾਂ ਵਿਚ ਸਿਖਲਾਈ ਦੇਣ, ਜ਼ਿਲਾ ਪੱਧਰ ’ਤੇ ਪੇਸ਼ੇਵਰ ਕੋਚਿੰਗ ਅਤੇ ਸੂਬਾ ਪੱਧਰ ’ਤੇ ਆਹਲਾ ਮਿਆਰੀ ਸਿਖਲਾਈ ਦੇਣ ’ਤੇ ਅਧਾਰਿਤ ਹੋਵੇਗੀ। ਇਹ ਨੀਤੀ ਖੇਡ ਸਮਾਰੋਹਾਂ ਰਾਹੀਂ ਖੇਡਾਂ ਨੂੰ ਮਕਬੂਲ ਕਰਨ, ਸ਼ਾਨਦਾਰ ਕਾਰਗੁਜ਼ਾਰੀ ਵਾਲੇ ਖਿਡਾਰੀਆਂ ਨੂੰ ਇਨਾਮ ਦੇਣ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਨਾਲ ਲੋਕਾਂ ਦੇ ਵਿਹਾਰ ਵਿਚ ਤਬਦੀਲੀ ਲਿਆਏਗੀ ਜਿਸ ਨਾਲ ਸਹੀ ਮਾਅਨਿਆਂ ਵਿਚ ‘ਰੰਗਲਾ ਪੰਜਾਬ’ ਦੇ ਬਹੁ-ਭਾਂਤੀ ਰੰਗ ਵੇਖਣ ਨੂੰ ਮਿਲਣਗੇ।