ਪੌਂਗ ਡੈਮ ‘ਚ ਪਾਣੀ ਫਿਰ ਚੜਿਆ, ਪੰਜਾਬ ਲਈ ਚਿੰਤਾ ਵਧੀ !!

Share on Social Media

ਹੁਸ਼ਿਆਰਪੁਰ: ਹਿਮਾਚਲ ਪ੍ਰਦੇਸ਼ ‘ਚ ਪੈ ਰਹੇ ਮੀਂਹ ਨੇ ਪੰਜਾਬ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਉੱਚਾ ਹੋ ਗਿਆ ਹੈ, ਜਦਕਿ ਹਰੀਕੇ ਹੈੱਡ ਤੋਂ ਲਹਿੰਦੇ ਪਾਸੇ ਵੱਲ ਟੁੱਟੇ ਹੋਏ ਧੁੱਸੀ ਬੰਨ੍ਹ ਕਾਰਨ ਕਈ ਪਿੰਡ ਪਹਿਲਾਂ ਹੀ ਪਾਣੀ ਵਿੱਚ ਘਿਰੇ ਹੋਏ ਹਨ। ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਤੋਂ 8 ਫੁੱਟ ਤੱਕ ਘੱਟ ਗਿਆ ਸੀ, ਪਰ ਹੁਣ ਇਹ ਮੁੜ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਵਿੱਚ ਅੱਜ ਪਾਣੀ ਦਾ ਪੱਧਰ 1673 ਫੁੱਟ ਕਰੀਬ ਹੈ। ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 4 ਫੁੱਟ ਤੱਕ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 52810 ਕਿਊਸਿਕ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41143 ਕਿਊਸਿਕ ਅਤੇ ਫਲੱਡ ਗੇਟਾਂ ਰਾਹੀਂ 15358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।