ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਗਏ ਇਕ ਸਿੱਖ ਸ਼ਰਧਾਲੂ ਨੇ ਦਾਅਵਾ ਕੀਤਾ ਹੈ ਕਿ ਉਥੇ ਲੋਕਾਂ ਨੂੰ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਸਬੰਧੀ ਸੁਰਜੀਤ ਸਿੰਘ ਉਰਫ਼ ਸੰਨੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦੇ ਚੇਅਰਮੈਨ ਸਰਦਾਰ ਅਮੀਰ ਸਿੰਘ ਨੂੰ ਵ੍ਹਟਸਐਪ ’ਤੇ ਇਕ ਫੋਟੋ ਵੀ ਭੇਜੀ ਹੈ। ਇਕ ਬਿਆਨ ਵਿੱਚ ਉਸ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਵਿੱਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਲੰਗਰ ਵਿੱਚ 3 ਦਿਨ ਪੁਰਾਣਾ ਬੇਹਾ ਲੰਗਰ ਵਰਤਾਇਆ ਗਿਆ। ਸੁਰਜੀਤ ਸਿੰਘ ਨੇ ਪੀ. ਐੱਸ. ਜੀ. ਪੀ. ਸੀ. ਦੇ ਚੇਅਰਮੈਨ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਤੋਂ ਵੱਡੀ ਰਕਮ ਅਤੇ ਸ਼ਰਧਾਲੂਆਂ ਤੋਂ ਦਾਨ ਮਿਲਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਖੇ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਪੁੰਨਿਆ ਦੀ ਰਾਤ ਨੂੰ ਸ੍ਰੀ ਪੰਜਾ ਸਾਹਿਬ ਵਿਖੇ ਨਤਮਸਤਕ ਹੋਇਆ ਅਤੇ ਉਸ ਨੇ ਲੰਗਰ ਸੇਵਾ ਲਈ ਨਕਦੀ ਅਤੇ ਸਾਮਾਨ ਦੇ ਰੂਪ ਵਿਚ ਚੰਗਾ ਯੋਗਦਾਨ ਪਾਇਆ ਸੀ। ਉਸ ਨੇ ਕਿਹਾ ਕਿ ਕਿਸੇ ਨੂੰ ਵੀ ਬੁਰਾ ਲੱਗੇਗਾ ਕਿ ਗੁਰਦੁਆਰੇ ਵਿੱਚ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ।