ਮੁੰਬਈ : ਸ਼ੰਕਰ-ਜੈਕਿਸ਼ਨ ਤੋਂ ਲੈ ਕੇ ਵਿਸ਼ਾਲ ਅਤੇ ਸ਼ੇਖਰ ਤੱਕ, ਤਜਰਬੇਕਾਰ ਗੀਤਕਾਰ ਦੇਵ ਕੋਹਲੀ ਨੇ ਕਈ ਪੀੜ੍ਹੀਆਂ ਦੇ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ। ਹੁਣ ਸੰਗੀਤ ਦੀ ਦੁਨੀਆ ਲਈ ਮੰਦਭਾਗੀ ਖ਼ਬਰ ਹੈ, ਕਿਉਂਕਿ ਸ਼ਨੀਵਾਰ ਦਿੱਗਜ਼ ਹਿੰਦੀ ਫ਼ਿਲਮ ਗੀਤਕਾਰ ਦੇਵ ਕੋਹਲੀ ਨੇ 81 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕੋਹਲੀ, ਜਿਨ੍ਹਾ ਕਈ ਹਿੰਦੀ ਫ਼ਿਲਮਾਂ ਲਈ 100 ਤੋਂ ਵੱਧ ਗੀਤ ਲਿਖੇ, ਨੇ ਸਲਮਾਨ ਖਾਨ ਅਤੇ ਭਾਗਿਆਸ੍ਰੀ ਦੀ ‘ਮੈਨੇ ਪਿਆਰ ਕੀਆ’ ’ਚ ਆਪਣੇ ਕੰਮ ਲਈ ਬਹੁਤ ਪ੍ਰਸੰਸਾ ਹਾਸਲ ਕੀਤੀ। ਉਨ੍ਹਾ ‘ਬਾਜ਼ੀਗਰ’, ‘ਹਮ ਆਪ ਕੇ ਹੈ ਕੌਨ’ ਲਈ ਵੀ ਗੀਤ ਲਿਖੇ। ਕੋਹਲੀ ਦੇ ਬੁਲਾਰੇ ਪ੍ਰੀਤਮ ਸ਼ਰਮਾ ਨੇ ਉਨ੍ਹਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾ ਦੱਸਿਆ, ‘ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਕੋਕਿਲਾ ਬੇਨ ਅੰਬਾਨੀ ਹਸਪਤਾਲ ’ਚ ਭਰਤੀ ਸਨ, ਉਨ੍ਹਾ ਦੀ ਸਿਹਤ ਠੀਕ ਨਹੀਂ ਸੀ ਅਤੇ ਸ਼ਨੀਵਾਰ ਦੀ ਸਵੇਰੇ ਨੀਂਦ ’ਚ ਹੀ ਉਨ੍ਹਾ ਦਾ ਦੇਹਾਂਤ ਹੋ ਗਿਆ।’ 81 ਸਾਲਾ ਕੋਹਲੀ ਬਟਵਾਰੇ ਤੋਂ ਬਾਅਦ ਆਪਣੇ ਪਰਵਾਰ ਨਾਲ ਭਾਰਤ ਆਏ ਅਤੇ 1969 ’ਚ ‘ਗੁੰਡਾ’ ਫ਼ਿਲਮ ਨਾਲ ਆਪਣੀ ਸ਼ੁਰੂਆਤ ਕੀਤੀ, ਹਾਲਾਂਕਿ ਲੋਕਾਂ ਨੇ ਉਨ੍ਹਾ ਦੇ ਕੰਮ ’ਤੇ ਬਹੁਤ ਬਾਅਦ ਧਿਆਨ ਦਿੱਤਾ, ਜਦ ‘ਲਾਲ ਪੱਥਰ 1971’ ਦਾ ਗੀਤ ‘ਗੀਤ ਗਾਤਾ ਹੂੰ ਮੈਂ’ ਰਿਲੀਜ਼ ਹੋਇਆ, ਜੋ ਬਹੁਤ ਹਿੱਟ ਹੋਇਆ। ਦੇਵ ਕੋਹਲੀ ਨੇ ਕਈ ਹਿੱਟ ਗੀਤ, ਜਿਨ੍ਹਾਂ ’ਚ ‘ਮਾਏ ਨੀ ਮਾਏ’, ‘ਯੇਹ ਕਾਲੀ ਕਾਲੀ ਆਂਖੇਂ’, ‘ਗੀਤ ਗਾਤਾ ਹੂੰ’, ‘ਓ ਸਾਕੀ ਸਾਕੀ’ ਦਿੱਤੇ।
ਪਾਕਿਸਤਾਨ ਦੇ ਰਾਵਲਪਿੰਡੀ ’ਚ ਜਨਮੇ ਦੇਵ ਕੋਹਲੀ ਨੇ ਬਾਲੀਵੁੱਡ ਫ਼ਿਲਮਾਂ ਲਈ ਲੱਗਭੱਗ ਸੌ ਤੋਂ ਵੱਧ ਗੀਤ ਲਿਖੇ। ਉਨ੍ਹਾ ਮਰਹੂਮ ਸ਼ੰਕਰ-ਜੈਕਿਸ਼ਨ, ਲਕਸ਼ਮੀਕਾਂਤ-ਪਿਆਰੇ ਲਾਲ, ਆਰ ਡੀ ਬਰਮਨ, ਅਨੂ ਮਲਿਕ, ਰਾਮ-ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ, ਵਿਸ਼ਾਲ-ਸ਼ੇਖਰ ਅਤੇ ਉੱਤਮ ਸਿੰਘ ਸਮੇਤ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ।