ਜਲੰਧਰ, : ਇਥੋਂ ਵੱਡੀ ਖਬਰ ਹੈ। ਜਲੰਧਰ ਪੱਛਮੀ ਹਲਕੇ ‘ਚ ਇਕ ਲੜਕੀ ਨੂੰ ਜ਼ਬਰਦਸਤੀ ਟੀਕਾ ਲਗਾ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੜਕੀ ਕਿਸੇ ਤਰ੍ਹਾਂ ਨਸ਼ੇੜੀਆਂ ਦੇ ਚੁੰਗਲ ‘ਚੋਂ ਬਚ ਕੇ ਆਪਣੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ।
ਜਾਣਕਾਰੀ ਮੁਤਾਬਕ ਜਲੰਧਰ ਪੱਛਮੀ ਹਲਕੇ ਦੇ ਜਨਕ ਨਗਰ ‘ਚ ਸੈਰ ਕਰਨ ਗਈ ਇਕ ਲੜਕੀ ਨੂੰ ਨਸ਼ੇ ਦੇ ਟੀਕੇ ਲਗਾ ਰਹੇ ਨੌਜਵਾਨਾਂ ਨੇ ਫੜ ਲਿਆ ਅਤੇ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਟੀਕਾ ਲਗਾ ਦਿੱਤਾ। ਨਸ਼ੇੜੀ ਉਸ ਨਾਲ ਗਲਤ ਕੰਮ ਕਰਨਾ ਚਾਹੁੰਦੇ ਸਨ। ਜਦੋਂ ਲੜਕੀ ਉਨ੍ਹਾਂ ਦੇ ਚੁੰਗਲ ਤੋਂ ਛੁਡਵਾ ਕੇ ਘਰ ਪਹੁੰਚੀ ਤਾਂ ਉਹ ਬਹੁਤ ਡਰੀ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਪੁੱਛਣ ‘ਤੇ ਉਸ ਨੇ ਨਸ਼ੇੜੀਆਂ ਦੀਆਂ ਸਾਰੀਆਂ ਕਰਤੂਤਾਂ ਦੱਸੀਆਂ।
ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਨਸ਼ੇ ‘ਚ ਧੁੱਤ ਨੌਜਵਾਨਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਫੜ ਕੇ ਪਰੇਡ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਜਨਕ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਇੱਥੋਂ ਦੀ ਹਾਲਤ ਬਹੁਤ ਖਰਾਬ ਹੈ। ਆਟੋ ਵਿੱਚ ਸਵਾਰ ਹੋ ਕੇ ਨੌਜਵਾਨ 10-10 ਜਾਂ 12-12 ਦੇ ਗੈਂਗ ਵਿੱਚ ਆਉਂਦੇ ਹਨ ਅਤੇ ਖੁੱਲ੍ਹੇਆਮ ਚਿੱਟੇ ਦਾ ਨਸ਼ਾ ਕਰਦੇ ਹਨ। ਉਹ ਕਈ ਵਾਰ ਪੁਲੀਸ ਨੂੰ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।