ਦੁਸਹਿਰੇ ਦੇ ਤਿਉਹਾਰ ਮੌਕੇ ਸਪੀਕਰ ਸੰਧਵਾਂ ਦੀ ਨਿਵੇਕਲੀ ਪਹਿਲ, ਸਫਾਈ ਕਰਮਚਾਰੀਆਂ ਲਈ ਕੀਤਾ ਵੱਡਾ ਐਲਾਨ

Share on Social Media

ਕੋਟਕਪੂਰਾ : ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਮੰਨੇ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਨਿਵੇਕਲੀ ਪਹਿਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਸਮੂਹ ਸਫਾਈ ਸੇਵਕਾਂ ਨੂੰ ਆਪਣੀ ਰਿਹਾਇਸ਼ ’ਤੇ ਮਿਲੇ ਅਤੇ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਲਈ ਵਿਚਾਰ-ਚਰਚਾ ਕੀਤੀ। ਇਸ ਮੌਕੇ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦਿਆਂ ਸਪੀਕਰ ਸੰਧਵਾਂ ਨੇ ਅਹਿਮ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵੀ ਵਾਰਡ ’ਚ ਸਭ ਤੋਂ ਵੱਧ ਸਫਾਈ ਹੋਵੇਗੀ, ਉਸ ਵਾਰਡ ਦੇ ਸਫਾਈ ਕਰਮਚਾਰੀਆਂ ਨੂੰ ਦੀਵਾਲੀ ਵਾਲੇ ਦਿਨ ਆਪਣੇ ਕੋਲੋਂ 50 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਸਪੀਕਰ ਸੰਧਵਾਂ ਨੇ ‘ਜਿੱਥੇ ਸਫਾਈ-ਉੱਥੇ ਖੁਦਾਈ’ ਵਰਗੀਆਂ ਅਨੇਕਾਂ ਉਦਾਹਰਨਾਂ ਦੇ ਕੇ ਉਨ੍ਹਾਂ ਦਾ ਵਖਿਆਣ ਕਰਦਿਆਂ ਆਖਿਆ ਕਿ ਹਰ ਸਾਲ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ’ਤੇ ਸਫਾਈ ਮੁਹਿੰਮ ਦੌਰਾਨ ਦੇਸ਼ ਭਰ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਉਕਤ ਚਰਚਾ ਦੁਨੀਆ ਦੇ ਕੋਨੇ-ਕੋਨੇ ‘ਚ ਬੈਠੇ ਭਾਰਤ ਦੇਸ਼ ਦੇ ਵਸਨੀਕਾਂ ਤੋਂ ਇਲਾਵਾ ਉਨ੍ਹਾਂ ਨਾਲ ਤਾਲਮੇਲ ਰੱਖਣ ਵਾਲੇ ਪਰਿਵਾਰਾਂ ’ਚ ਵੀ ਛਿੜਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਸਬੰਧੀ ਅਸੀਂ ਸਾਰੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈਏ ਤਾਂ ਅਸੀਂ ਰਲ-ਮਿਲ ਕੇ ਕੋਟਕਪੂਰੇ ਸ਼ਹਿਰ ਨੂੰ ਵੀ ਸਾਫ-ਸੁਥਰਾ ਅਤੇ ਸੁੰਦਰ ਬਣਾ ਸਕਦੇ ਹਾਂ।