ਨਵੀਂ ਦਿੱਲੀ – ਦਿੱਲੀ ਏਅਰਪੋਰਟ ‘ਤੇ ਅੱਜ ਇੱਕ ਵਾਰ ਫਿਰ ਤੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪਰੇਸ਼ਾਨੀ ਮੁਸਾਫਰਾਂ ਨੂੰ ਇਸ ਕਾਰਨ ਹੋਈ, ਕਿਉਂਕਿ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਨੂੰ ਸਵੇਰੇ 5 ਵਜੇ ਰੱਦ ਕਰ ਦਿੱਤਾ ਸੀ ਅਤੇ ਯਾਤਰੀ ਉਡਾਨ ਨਹੀਂ ਭਰ ਸਕੇ। ਇਸੇ ਗੱਲ ਨੂੰ ਲੈ ਕੇ ਪੰਜਾਬੀ ਲੋਕਾਂ ਨੇ ਏਅਰਲਾਈਨ ਦੇ ਸਟਾਫ਼ ਨਾਲ ਜੰਮ ਕੇ ਹੰਗਾਮਾ ਕੀਤਾ। ਦੱਸ ਦੇਈਏ ਕਿ ਫਲਾਈਟ ਨੂੰ ਰੱਦ ਕੀਤੇ 4 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਏਅਰਪੋਰਟ ‘ਤੇ ਮੌਜੂਦ 200 ਦੇ ਕਰੀਬ ਯਾਤਰੀ ਸਨ।
ਇਸ ਮੁਸ਼ਕਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਨਾ ਹੀ ਖਾਣ-ਪੀਣ ਦਾ ਸਮਾਨ ਮਿਲ ਰਿਹਾ ਹੈ, ਨਾ ਹੀ ਕੋਈ ਰਿਫੰਡ ਮਿਲਿਆ ਹੈ। ਫਲਾਈਟ ਰੱਦ ਹੋਣ ਕਾਰਨ ਗੁੱਸੇ ‘ਚ ਆਏ ਯਾਤਰੀਆਂ ਨੇ ਏਅਰਪੋਰਟ ਦੇ ਅੰਦਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਅਤੇ ਏਅਰ ਇੰਡੀਆ ਦੇ ਸਟਾਫ਼ ਦੇ ਵਿਚਕਾਰ ਫਲਾਈਟ ‘ਚ ਹੋਈ ਦੇਰੀ ਨੂੰ ਲੈ ਕੇ ਬਹਿਸ ਹੋਣੀ ਸ਼ੁਰੂ ਹੋ ਗਈ। ਏਅਰਲਾਈਨ ਦੇ ਸਟਾਫ਼ ਵਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।