ਜਲੰਧਰ : ਸੋਸ਼ਲ ਮੀਡੀਆ ’ਤੇ ਆਏ ਦਿਨ ਕਿਸੇ ਨਾ ਕਿਸੇ ਮੁੱਦੇ ’ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਕਈ ਲੋਕਾਂ ਦਾ ਅਕਸ ਖ਼ਰਾਬ ਹੋ ਜਾਂਦਾ ਹੈ। ਸ਼ੁੱਕਰਵਾਰ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਇਕ ਮੁੰਡੇ ’ਤੇ ਇਕ ਨਿਰਮਾਣ ਅਧੀਨ ਇਮਾਰਤ ’ਚ ਚੋਰੀ ਦਾ ਇਲਜ਼ਾਮ ਲਾਇਆ ਗਿਆ ਤੇ ਉਸ ਨੂੰ ਤਾਲਿਬਾਨੀ ਸਜ਼ਾ ਦਿੱਤੀ ਗਈ। ਪਹਿਲਾਂ ਉਨ੍ਹਾਂ ਮੁੰਡੇ ਦਾ ਪਜਾਮਾ ਲਾਹ ਕੇ ਉਸ ਦੇ ਗੁਪਤ ਅੰਗ ’ਚ ਜਲਣਸ਼ੀਲ ਪਦਾਰਥ ਪਾ ਦਿੱਤਾ ਤੇ ਫਿਰ ਪਜਾਮਾ ਚੜ੍ਹਾ ਕੇ ਉਸ ਨੂੰ ਪਾਣੀ ਵਾਲੀ ਪਲਾਸਟਿਕ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ।
ਇਸ ਵੀਡੀਓ ਤੋਂ ਸਪੱਸ਼ਟ ਹੁੰਦਾ ਹੈ ਕਿ ਜਲਣਸ਼ੀਲ ਪਦਾਰਥ ਪਾਉਣ ਤੇ ਕੁੱਟਮਾਰ ਕਰਨ ਵਾਲਿਆਂ ’ਚ ਕੋਈ ਰਹਿਮ ਨਾਂ ਦੀ ਚੀਜ਼ ਨਹੀਂ ਹੈ। ਸੂਤਰਾਂ ਮੁਤਾਬਕ ਇਹ ਵੀਡੀਓ ਮਕਸੂਦਾਂ ਥਾਣੇ ਅਧੀਨ ਆਉਂਦੀ ਭੂਤ ਕਾਲੋਨੀ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ 3-4 ਵਿਅਕਤੀ ਇਕ ਨਿਰਮਾਣ ਅਧੀਨ ਇਮਾਰਤ ’ਚ ਮੁੰਡੇ ਦੀ ਕੁੱਟਮਾਰ ਕਰ ਰਹੇ ਸਨ ਤੇ ਉਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਇਸ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਕਰ ਰਿਹਾ ਸੀ।