ਸਰੀ, 1 ਅਗਸਤ (ਹਰਦਮ ਮਾਨ)- ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਣੀਪੁਰ ਕਾਂਡ ਅਤੇ ਹੋਰ ਸਮਾਜਿਕ ਵਧੀਕੀਆਂ ਵਿਰੁੱਧ ਰੋਸ ਪ੍ਰਦਰਸ਼ਨ 6 ਅਗਸਤ 2023 (ਐਤਵਾਰ) ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਕਿੰਗ ਜੌਰਜ ਬੁਲੇਵਾਰਡ ਅਤੇ 88 ਐਵੀਨਿਊ ਦੀ ਨੁੱਕਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਬੀ ਸੀ ਇਕਾਈ ਦੇ ਸਕੱਤਰ ਨਿਰਮਲ ਸਿੰਘ ਕਿੰਗਰਾ ਨੇ ਦੱਸਿਆ ਹੈ ਕਿ ਬੀਤੇ ਦਿਨ ਸੁਸਾਇਟੀ ਦੀ ਪ੍ਰਧਾਨ ਪਰਮਿੰਦਰ ਸਵੈਚ ਦੀ ਪ੍ਰਧਾਨਗੀ ਹੇਠ ਹੋਈ ਹੰਗਾਮੀ ਮੀਟਿੰਗ ਇਹ ਫੈਸਲਾ ਲਿਆ ਗਿਆ ਹੈ। ਇਸ ਮੀਟਿੰਗ ਵਿਚ ਤਰਕਸ਼ੀਲ ਕੈਨੇਡਾ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਭਖਦੇ ਸਮਾਜਿਕ ਮਸਲਿਆਂ ‘ਤੇ ਵਿਚਾਰ ਚਰਚਾ ਕਰਦਿਆਂ ਮਣੀਪੁਰ ਵਿਚ ਇਕ ਕਬੀਲੇ ਦੇ ਲੋਕਾਂ ਵੱਲੋਂ ਕਥਿਤ ਸਰਕਾਰੀ ਸ਼ਹਿ ਅਧੀਨ ਘੱਟ ਗਿਣਤੀ ਕਬੀਲੇ ਦੀਆਂ ਔਰਤਾਂ ਨੂੰ ਸ਼ਰੇਆਮ ਨੰਗੇ ਕਰਕੇ ਘੁਮਾਉਣ ਅਤੇ ਕਤਲ ਕਰਨ ਦੀ ਘੋਰ ਨਿੰਦਿਆ ਕੀਤੀ ਗਈ ਅਤੇ ਇਸ ਸੰਬੰਧੀ ਮੌਜੂਦਾ ਸਰਕਾਰਾਂ ਨੂੰ ਸਿੱਧਾ ਦੋਸ਼ੀ ਠਹਿਰਾਇਆ ਗਿਆ। ਮੀਟਿੰਗ ਵਿੱਚ ਭਾਰਤ ਸਮੇਤ ਸਾਰੇ ਸੰਸਾਰ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਔਰਤਾਂ ‘ਤੇ ਹੁੰਦੇ ਅੱਤਿਆਚਾਰ, ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ ਆਦਿ ਮਸਲਿਆਂ ‘ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਇਨ੍ਹਾਂ ਘਟਨਾਵਾਂ ਪ੍ਰਤੀ ਰੋਸ ਜਾਹਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।
ਮੀਟਿੰਗ ਵਿਚ 25 ਸਾਲ ਪਹਿਲਾਂ 12 ਅਗਸਤ 1998 ਨੂੰ ਮਹਿਲ ਕਲਾਂ ਵਿਖੇ ਵਿਦਿਆਰਥਣ ਕਿਰਨਜੀਤ ਕੌਰ ਨਾਲ ਕੁਝ ਗੁੰਡਿਆਂ ਵੱਲੋਂ ਬਲਾਤਕਾਰ ਕਰਨ ਅਤੇ ਫਿਰ ਉਸ ਦਾ ਕਤਲ ਕਰਨ ਦੀ ਨਿੰਦਿਆ ਕੀਤੀ ਗਈ ਅਤੇ 6 ਅਗਸਤ ਦੇ ਰੋਸ ਪ੍ਰਦਰਸ਼ਨ ਵਿਚ ਕਿਰਨਜੀਤ ਕੌਰ ਦੀ 25 ਵੀਂ ਬਰਸੀ ਮੌਕੇ ਉਸ ਨੂੰ ਸਮਰਪਿਤ ਸ਼ਰਧਾਂਜਲੀ ਭੇਂਟ ਕਰਨ ਦਾ ਫੈਸਲਾ ਕੀਤਾ ਗਿਆ।
ਸੁਸਾਇਟੀ ਵੱਲੋਂ ਸਮੂਹ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਅਤੇ ਆਮ ਲੁਕਾਈ ਨੂੰ ਅਪੀਲ ਕੀਤੀ ਗਈ ਹੈ ਕਿ 6 ਅਗਸਤ ਨੂੰ ਠੀਕ 11 ਵਜੇ ਇਸ ਰੋਸ ਦਿਖਾਵੇ ਦਾ ਹਿੱਸਾ ਬਣਨ। ਇਹ ਵੀ ਕਿਹਾ ਗਿਆ ਹੈ ਕਿ ਦੁਪਹਿਰ 1 ਵਜੇ ਰੋਸ ਵਿਖਾਵੇ ਦੀ ਸਮਾਪਤੀ ਤੋਂ ਤੁਰੰਤ ਬਾਅਦ ਉਸ ਦਿਨ ਬੇਅਰ ਕਰੀਕ ਪਾਰਕ ਵਿਚ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663