ਪੰਜਾਬੀ ਦੇ ਚਰਚਿਤ ਕਹਾਣੀਕਾਰ ਤੇ ਨਾਵਲਕਾਰ, ਬਹੁਪੱਖੀ ਲੇਖਕ ਗੁਰਮੀਤ ਕੜਿਆਲਵੀ ਨੂੰ ਇਸ ਵਾਰੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਉਸਦੀ ਬਾਲ ਸਾਹਿਤ ਬਾਰੇ ਪੁਸਤਕ (ਸੱਚੀ ਦੀ ਕਹਾਣੀ) ਵਾਸਤੇ ‘ਰਾਸ਼ਟਰੀ ਪੁਰਸਕਾਰ’ ਮਿਲੇਗਾ। ਇਹ ਖਬਰ ਨਿੱਜੀ ਤੌਰ ਉਤੇ ਮੇਰੇ ਲਈ ਖੁਸ਼ੀ ਦੇਣ ਵਾਲੀ ਹੈ ਕਿਉਂਕਿ ਗੁਰਮੀਤ ਮੇਰਾ ਉਦੋਂ ਦਾ ਆੜੀ ਹੈ ਜਦੋਂ ਹਾਲੇ 1992 ਵਿਚ ਮੈਂ ਲਿਖਣਾ ਸ਼ੁਰੂ ਹੀ ਕਰਿਆ ਸੀ, ਸਾਲਾਂ ਦਾ ਹਿਸਾਬ ਤੁਸੀਂ ਆਪੇ ਲਾ ਲਵੋ। ਉਸਨੇ ਸ਼ੁਰੂਆਤੀ ਜ਼ਿੰਦਗੀ ਵਿਚ ਬੜੇ ਵੇਲਣ ਵੇਲੇ ਮੇਰੇ ਵਾਂਗਰ। ਸਾਡਾ ਸੰਘਰਸ਼ ਇਕੋ-ਜਿੱਕਾ ਹੀ ਰਿਹੈ। ਕਦੇ ਉਹ ਵਾਟਰ ਵਰਕਸ ਉਤੇ ਅਪ੍ਰੇਟਰ ਹੁੰਦਾ ਸੀ ਕੱਚੀ ਨੌਕਰੀ ਸੀ ਤੇ ਹੁਣ ਜਿਲਾ ਭਲਾਈ ਅਫਸਰ ਹੈ। ਹਾਲੇ ਸਿੰਮੀ ਨੂੰ ਵਿਆਹ ਕੇ ਆਪਣੇ ਪਿੰਡ ਆਇਆ ਹੀ ਸੀ ਕਿ ਥੋੜੇ ਦਿਨਾਂ ਬਾਅਦ ਹੀ ਇਹ ਦੋਵੇਂ ਜੀਅ ਪਟਿਆਲੇ ਨੂੰ ਤੁਰ ਪਏ। ਭਾਸ਼ਾ ਵਿਭਾਗ ਦੇ ਸ਼ੇਰਾਂ ਵਾਲੇ ਗੇਟ ਆਣ ਕੇ ਸਾਹਿਤ ਸਦਨ ਵਿਚ ਰੁਕੇ ਤੇ ਮੈਂ ਉਥੇ ਮਾਲੀ-ਕਮ-ਸੇਵਾਦਾਰ ਕੱਚੀ ਨੌਕਰੀ ਉਤੇ ਸਾਂ, ਚਾਈਂ ਚਾਈਂ ਇੰਨਾਂ ਦੀ ਸੇਵਾ ਕਰਦਾ ਮੈਂ ਭੱਜਿਆਂ ਫਿਰਾਂ। ਪੈਰ ਜੁੱਤੀ ਨਾ ਪਾਵਾਂ ! ਭੈਣ ਸਿੰਮੀ ਵੀ ਪਹਿਲਾਂ ਤੋਂ ਹੀ ਜਾਣਦੀ ਸੀ ਕਵਿਤਾ ਲਿਖਦੀ ਹੋਣ ਕਰਕੇ। ਖੈਰ!
ਇਹ ਸਾਹਿਤ ਸਦਨ ਦੇ ਬਾਹਰਲੇ ਪਾਸੇ ਹਰੇ ਕਚੂਚ ਘਾਹ ਉਤੇ ਬੈਠੇ ਅੱਡੀਆਂ ਮਲਣ! ਕਿਆ ਖੂਬ ਦਿਨ ਸਨ ਉਹ। ਵੇਂਹਦਿਆਂ ਵੇਂਹਦਿਆਂ ਦੋਵਾਂ ਜੀਆਂ ਨੇ ਤਰੱਕੀ ਕੀਤੀ ਤੇ ਫਿਰ ਦੋਵਾਂ ਧੀਆਂ ਨੇ ਵੀ। ਹਮੇਸ਼ ਬਰਾ- ਬਰਾਬਰ ਤੁਰਦੇ ਰਹੇ ਹਾਂ। ਹਰ ਦੁਖ ਸੁਖ ਵਿਚ ਸਹਾਈ। ਕਦੇ ਰੋਸੇ, ਕਦੇ ਗਿਲੇ, ਕਦੇ ਗਲੇ ਮਿਲੇ। ਇਕ ਦੂਏ ਦੀਆਂ ਸਾਹਿਤਕ ਪ੍ਰਾਪਤੀਆਂ ਉਤੇ ਡਹਢਾ ਮਾਣ। ਇਕ ਦੂਜੇ ਦੀ ਸ਼ਾਨ ਬਣਦੇ ਰਹੇ, ਇਹ ਸਭ ਚਲਦਾ ਆ ਰਿਹੈ ਨਾਲੋ ਨਾਲ। ਸਾਡੇ ਤਖਲੱਸ ਵੀ ਮਿਲਦੇ ਜੁਲਦੇ, ਕੜਿਆਲਵੀ: ਘੁਗਿਆਣਵੀ। ਇਹ ਜੋ ਵੀ ਲਿਖਦਾ ਹੈ, ਪੜਦਾ ਹਾਂ ਤੇ ਲਗਦਾ ਕਿ ਮੈਂ ਲਿਖਿਆ ਹੈ।
ਲਿਖਦੇ ਲਿਖਦੇ ਚੇਤੇ ਆਇਆ। ਬੜੇ ਸਾਲ ਹੋਏ,ਵੀਹ ਤੋਂ ਵੱਧ। ਮੈਂ ਸਾਹਿਤ ਸਭਾ ਫਰੀਦਕੋਟ ਦਾ ਮੈਂਬਰ ਸਾਂ, ਤਾਇਆ ਨਵਰਾਹੀ ਸਾਡਾ ਸਾਰਿਆਂ ਦਾ ਸਰਪ੍ਰਸਤ ਸੀ ਤੇ ਹੁਣ ਵੀ ਹੈ। ਇਕ ਦਿਨ ਆਖਿਆ ਕਿ ਤਾਇਆ, ਗੁਰਮੀਤ ਕੜਿਆਲਵੀ ਦਾ ਰੂਬਰੂ ਕਰਨਾ ਆਪਾਂ। ਤਾਇਆ ਕਹਿੰਦਾ ਕਿ ਸੱਦ ਲੈ!
ਫੋਨ ਨਹੀ ਸੀ ਹੁੰਦੇ। ਪੀਲਾ ਪੋਸਟ ਕਾਰਡ ਲਿਖਿਆ। ਇਹ ਬੱਸੇ ਬਹਿਕੇ ਆਇਆ, ਬੜੇ ਉਤਸ਼ਾਹ ਨਾਲ ਭਰਿਆ ਭਰਿਆ। ਇਹ ਇਹਦਾ ਪਹਿਲਾ ਰੂਬਰੂ ਸੀ ਤੇ ਫਿਰ ਚੱਲ ਸੋ ਚੱਲ! ਉਸਨੇ ਬੜਾ ਕੁਛ ਲਿਖਿਆ ਤੇ ਲਿਖੀ ਜਾ ਰਿਹੈ। ‘ਆਤੂ ਖੋਜੀ’ ਕਹਾਣੀ ਲਿਖਕੇ ਮਸ਼ਹੂਰ ਹੋ ਗਿਆ ਤੇ ਉਸਦੀਆਂ ਕਈ ਕਹਾਣੀਆਂ ਉਤੇ ਫਿਲਮਾਂ ਬਣੀਆਂ। ਇਕ ਵਾਰ ਦਰਸ਼ਨ ਬੁੱਟਰ ਬਾਰੇ ਸ਼ਬਦ ਚਿਚਰ ਲਿਖਿਆ, ਉਹ ਰੁੱਸ ਗਿਆ ਸੀ। ਮਸੀਂ ਮੰਨਿਆਂ। ਇਹ ਵੀ ਸੰਭਲ ਗਿਆ ਕਿ ਜੀਂਦੇ ਜੀਅ ਦੋਸਤ ਨਹੀ ਗੁਵਾਉਣੇ। ਤਾਰਾ ਸਿੰਘ ਸੰਧੂ ਦੇ ਵਿਛੋੜੇ ਉਤੇ ਸ਼ਬਦ ਚਿਤਰ ਲਿਖਿਆ, ਸਿਰਲੇਖ ਬੜਾ ਢੁੱਕਵਾਂ ਸੀ-” ਕਿਥੇਂ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ।” ਜੇ ਤਾਰਾ ਸਿੰਘ ਜਿਊਂਦਾ ਹੁੰਦਾ ਪਹਿਲਾਂ ਰੁੱਸਦਾ ਤੇ ਫਿਰ ਮਸ਼ਨ ਜਾਂਦਾ। ਜਿਵੇਂ ਮੇਰੇ ਸ਼ਬਦ ਚਿਤਰ ਲਿਖਣ ਉਤੇ ਸੰਤੋਖ ਸਿੰਘ ਧੀਰ ਰੁੱਸ ਕੇ ਮੰਨੇ ਸਨ। ਖੈਰ!
ਕੜਿਆਲਵੀ ਡੁੱਬ ਕੇ ਲਿਖਦਾ ਹੈ ਤੇ ਦਿਲੋਂ ਲਿਖਦਾ ਹੈ, ਏਸੇ ਕਰਕੇ ਪੜਿਆ ਜਾ ਰਿਹੈ। ਲੋਕਾਂ ਦਾ ਲੇਖਕ ਹੈ। ਲੋਕਾਂ ਵਿੱਚ ਵਿਚਰਦਾ ਹੈ।
ਪਿਛਲੇ ਦਿਨੀਂ ਮੈਂ ਮਹਾਂਰਾਸ਼ਟਰ ਨੂੰ ਤੁਰਿਆ ਤਾਂ ਇਹਦੀਆਂ ਕਹਾਣੀਆਂ ਦਾ ਹਿੰਦੀ ਅਨੁਵਾਦ (ਵਕਤ ਕੇ ਪੰਖ ਸੇ ਬੰਧੀ ਹਵਾ) ਬੈਗ ਵਿੱਚ ਪਾ ਲਿਆ ਕਿ ਯੂਨੀਵਰਸਿਟੀ ਦੇ ਕਿਸੇ ਵਿਦਿਆਰਥੀ ਨੂੰ ਖੋਜ ਪੇਪਰ ਲਿਖਣ ਲਈ ਦੇ ਦਿਆਂਗਾ, ਤੇ ਹਾਲੇ ਕੱਲ ਹੀ ਇਕ ਖੋਜਾਰਥੀ ਇਹਦੀ ਕਿਤਾਬ ਲੈਕੇ ਗਿਆ ਹੈ ਤੇ 24 ਜੂਨ ਦੀ ਸਵੇਰ ਹੋਰ ਵੀ ਸੁਹਾਵਣੀ ਹੋ ਗਈ ਹੈ ਜਦ ਪੁਰਸਕਾਰ ਦੀ ਖਬਰ ਪੜੀ ਹੈ।
ਵੱਸਦਾ ਰਹਿ ਮਿੱਤਰਾ
ਰੱਬ ਵਰਗਾ ਆਸਰਾ ਤੇਰਾ–