ਰੰਗ ਬਚਪਨ ਦੇ-(1)
ਪਿੰਡ ਵਿਚ ਡੀਪੂ , ਜਾਂ ਸਹਿਕਾਰੀ ਬੈਂਕ ਲੋਕਾਂ ਦਾ ਵੱਡਾ ਆਸਰਾ ਸਨ। ਬੈਂਕ ਵਿਚ ਦਾਦੇ ਦੀ ਹਿੱਸੇਦਾਰੀ (ਮੈਂਬਰੀ) ਸੀ। ਡਾਲਡਾ ਘਿਓ ਤੇ ਸ਼ੱਕਰ,ਗੁੜ ਤੇ ਖੰਡ ਡੀਪੂ ਤੋਂ ਮਿਲਦਾ। ਦੇਸੀ ਘਿਓ ਤੇ ਮੱਖਣ ਘਰ ਦਾ ਨਾ ਮੁਕਦਾ। ਖੇਤ ਦੀ ਸਰੋਂ ਦਾ ਤੇਲ ਖਰਾ ਹੁੰਦਾ। ਦਾਲਾਂ ਵੀ ਖੇਤ ਦੀਆਂ, ਹਰੀ ਮੂੰਗੀ ਤੇ ਹਰਹਰ ਦੀ ਦਾਲ ਹੁੰਦੀ, ਛੋਲੇ ਵੀ ਵਾਧੂੰ ਹੁੰਦੇ ਘਰਦੇ। ਉਹੀ ਛੋਲੇ ਦਾਦੀ ਚੱਕੀ ਉਤੇ ਹੱਥੀਂ ਪੀਹਂਦੀ ਤੇ ਵੇਸਣ ਬਣਾ ਲੈਂਦੀ। ਸਹਿਕਾਰੀ ਬੈਂਕ ਵਿਚ ਕੀੜੇਮਾਰ ਦਵਾਈ ਆਉਂਦੀ ਹੀ ਨਹੀ ਸੀ ਉਦੋਂ ਤੇ ਸਿਰਫ ਖਾਦ ਹੀ ਆਉਂਦੀ, ਜੇ ਇਕ ਅਧ ਕੋਈ ਕੀੜੇਮਾਰ ਦਵਾਈ ਆਉਂਦੀ ਵੀ, ਤਾਂ ਘੱਟ ਹੀ ਲੋਕ ਲੈਂਦੇ ਸਨ। ਫਸਲਾਂ ਨੂੰ ਕੀੜੇ ਪੈਂਦੇ ਹੀ ਨਹੀ ਸਨ। ਸ਼ਹਿਰੋਂ ਸਾਡੇ ਪਿੰਡ ਦੇ ਬਾਣੀਏਂ ਰਿਖੀ ਰਾਮ ਬਾਂਸਲ ਦੀ ਹੱਟੀ ਉਤੋਂ ਚਾਹ ਪੱਤੀ, ਸਾਬਣ ਆਦਿ ਦਾਦਾ ਇਕੱਠਾ ਹੀ ਲੈ ਆਉਂਦਾ ਸੀ। ਪਿੰਡ ਵਿਚ ਬਾਬੇ ਲਾਲ ਚੰਦ ਮੋਹਨ ਲਾਲ ਤੇ ਮੇਰੇ ਮਾਸੜ ਲੇਖ ਰਾਜ, ਤੇ ਮੇਰੇ ਦਾਦੇ ਦੇ ਭਰਾ ਬਾਬੇ ਮੁਲਖ ਰਾਜ ਤੇ ਦਾਦੇ ਦੇ ਭਤੀਜੇ ਖਰੈਤੀ ਰਾਮ ਦੀਆਂ ਹੱਟੀਆਂ ਸਨ। ਮੇਰੇ ਪਿਤਾ ਨੇ ਬਹੁਤ ਬਾਅਦ ਵਿਚ ਹੱਟੀ ਪਾਈ। ਸੂਈ ਕੰਧੂਈ,ਝੱਗਿਆਂ ਨੂੰ ਲਾਉਣ ਵਾਲੇ ਰੰਗੀਨ ਬਟਨ, ਰੰਗਦਾਰ ਰੀਲਾਂ, ਨਾਲੇ, ਬੁੜੀਆਂ ਦੀਆਂ ਸੁੱਥਣਾਂ ਦੇ ਪੌਂਚਿਆਂ ‘ਚ ਪਾਉਣ ਵਾਲੀ ਬੁਕਰਮ ਤੋਂ ਲੈਕੇ ਗੁੜ, ਪਤਾਸੇ, ਲੂਣ, ਹਲਦੀ ਤੇ ਹੋਰ ਨਿੱਕ ਸੁੱਕ ਹੱਟੀਆਂ ਤੋਂ ਲਿਆ ਜਾਂਦਾ। ਮਿਰਚਾਂ ਖੇਤਾਂ ਵਿਚ ਵਾਧੂੰ ਹੁੰਦੀਆਂ। ਉਨਾਂ ਮਿਰਜ਼ਾ ਦਾ ਹੀ ਆਚਾਰ ਪੈਂਦਾ। ਉਹੀ ਮਿਰਚਾ ਸੁਕਾ ਕੇ ਕੂੰਡੇ ‘ਚ ਰਗੜ ਲਈਆਂ ਜਾਂਦੀਆਂ।
ਝੱਜਰਾਂ ਘਰ ਘਰ ਸਨ ਪਾਣੀ ਠੰਡਾ ਰੱਖਣ ਨੂੰ। ਕੁੱਜੀਆਂ ਨੂੰ ਕਰਵਰੇ ਕਿਹਾ ਜਾਂਦਾ। ਘੁਮਿਆਰੀਆਂ ਕਰੂਏ ਦੇ ਵਰਤ ਵੇਲੇ ਬੂਹੇ ‘ਚ ਆਣ ਕੇ ਹੋਕਰਾ ਲਾਉਂਦੀਆਂ, “ਨੀ ਭੈਣੇ, ਕਰਵਰੇ ਲੈ ਲੋ ਨੀ ਕਰਵਰੇ।” ਝਾਵੇਂ ਘਰ ਘਰ ਹੁੰਦੇ ਸਨ, ਅੱਡੀਆਂ ਪੈਰ ਕੂਚਣ ਨੂੰ। (ਸਾਡੇ ਗਲੀ ਗੁਆਂਢ ਤਾਂ ਹਾਲੇ ਵੀ ਝਾਵੇਂ ਘਰ ਘਰ ਹਨ ਗੁਸਲਖਾਨਿਆ ਵਿਚ ਪਏ)। ਲੱਸੀ ਰਿੜਕਣੇ ਨੂੰ ‘ਚਟੂਰਾ’ ਜਾਂ ‘ਚਾਟੀ’ ਆਖਦੇ। ਦੁੱਧ ਕੜਨ ਵਾਲੀ ਤੌੜੀ ਹੁੰਦੀ, ਧੁਖ ਧੁਖ ਤੌੜੀ ਕਾਲੀ ਹੋਈ ਹੁੰਦੀ, ਦਾਦੀ ਸਿਰਫ ਉਹਨੂੰ ਅੰਦਰੋਂ ਹੀ ਧੋਂਦੀ- ਮਾਂਜਦੀ।
ਸਰਦਾਰਾ ਸਿੰਓਂ ਮਿਸਤਰੀ ਸੀ ਪੁਰਾਣਾ ਜਾਂ ਉਹਦਾ ਭਰਾ ਮੇਹਰ ਸਿੰਓਂ ਮਿਸਤਰੀ, ਛੇ ਮਹੀਨੇ ਦੀ ਸੇਪੀ ਹੁੰਦੀ, ਛੇ ਮਹੀਨੇ ਲੋੜ ਅਨੁਸਾਰ ਕੰਮ ਕਰਦੇ ਤੇ ਹਾੜੀ ਸਾਉਣੀ ਫਸਲ ਲੈ ਲੈਂਦੇ, ਗੱਟਾ ਡੇਢ ਗੱਟਾ ਕਣਕ ਜਾਂ ਹੋਰ ਅਨਾਜ ਦਾ ਲੈ ਲੈਂਦੇ। ਝੋਨਾ ਉਦੋਂ ਨਹੀ ਸੀ ਹੁੰਦਾ, ਕਪਾਹ ਤੇ ਨਰਮਾ ਜਾਂ ਮੂੰਗੀ, ਬਾਜਰਾ, ਗੁਆਰਾ ਬਰਾਨਾ, ਛੋਲੇ, ਮਿਰਚਾਂ, ਜਵਾਰ, ਗੰਨਾ, ਜੋ ਜੋ ਵੀ ਕਿਸੇ ਦੇ ਹੁੰਦਾ, ਮਿਸਤਰੀ ਨੂੰ ਦਿੰਦੇ। ਸਾਡੀਆਂ ਦਾਤੀਆਂ ਦੇ ਦੰਦੇ ਕਢਾਉਣ ਦੇ ਕੰਮ ਹੁੰਦਾ। ਗੋਹਾ ਹੂੰਝਣ ਨੂੰ ਦੋ ਫੌਹੜੇ ਬਣਾ ਲੈਂਦੇ। ਮੰਜੇ ਮੰਜੀਆਂ ਠੁਕਵਾਉਂਦੇ। ਹਲਾਂ ਦੇ ਫਾਲੇ ਕਟਵਾਉਂਦੇ, ਕਿਸੇ ਦੇ ਮਰੇ ਉਤੇ ਸਿੜੀ ਬਣਵਾਉਣੀ ਹੁੰਦੀ,( ਪਿੰਡਾਂ ਵਿਚ ਲੋਹੇ ਦੀਆਂ ਪਾਈਪਾਂ ਵਾਲੀਆਂ ਸਿੜੀਆਂ ਬਹੁਤ ਬਾਅਦ ਵਿਚ ਆਈਆਂ), ਮਿਸਤਰੀ ਚਿਖਾ ਚਿਣਨ ਵੀ ਜਾਂਦੇ।
9417421700