ਜਲੰਧਰ –ਅੱਧੇ ਤੋਂ ਜ਼ਿਆਦਾ ਬੀਤ ਚੁੱਕੇ ਨਵੰਬਰ ਮਹੀਨੇ ਤੋਂ ਬਾਅਦ ਹੁਣ ਹੌਲੀ-ਹੌਲੀ ਠੰਡ ਦਾ ਪ੍ਰਕੋਪ ਵੀ ਵਧਣ ਲੱਗਾ ਹੈ। ਅਗਲੇ ਮਹੀਨੇ ਤੋਂ ਧੁੰਦ ਵੀ ਪੈਣ ਲੱਗੇਗੀ। ਦਸੰਬਰ ਵਿਚ ਸੰਘਣੀ ਧੁੰਦ ਪੈਣ ਦੇ ਖ਼ਦਸ਼ੇ ਕਾਰਨ ਉੱਤਰ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 62 ਟਰੇਨਾਂ ਨੂੰ ਦਸੰਬਰ ਤੋਂ ਫਰਵਰੀ 2024 ਤਕ ਭਾਵ 3 ਮਹੀਨਿਆਂ ਲਈ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਮੇਂ ਦੌਰਾਨ ਕਈ ਪ੍ਰਮੁੱਖ ਟਰੇਨਾਂ ਦੇ ਰੱਦ ਹੋਣ ਕਾਰਨ ਰੇਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਵਰਣਨਯੋਗ ਹੈ ਕਿ ਉੱਤਰ ਰੇਲਵੇ ਵੱਲੋਂ ਹਰ ਸਾਲ ਦਸੰਬਰ ਤੋਂ ਫਰਵਰੀ ਤਕ ਟਰੇਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਨੇ ਰੱਦ ਕੀਤੀਆਂ ਜਾਣ ਵਾਲੀਆਂ ਟਰੇਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।