ਪੁਰਾਣੇ ਕੂੜੇ, ਕਬਾੜ, ਕਿਤਾਬਾਂ ਅਤੇ ਕਮਰਿਆਂ ਦੀ ਕੀਤੀ ਗਈ ਸਫਾਈ
ਫਰੀਦਕੋਟ 27 ਸਤੰਬਰ (ਤਾਜਪ੍ਰੀਤ ਸੋਨੀ )
ਜਹਾਂ ਸਫਾਈ ਵਹਾਂ ਖੁਦਾਈਂ ਦਾ ਹੋਕਾ ਦਿੰਦਿਆ ਜਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ ਸਿੱਧੂ ਵੱਲੋਂ ਜਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਫਾਈ ਮੁਹਿੰਮ ਤਹਿਤ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਪੁਰਾਣੇ ਕੂੜੇ, ਕਬਾੜ, ਪੁਰਾਣੇ ਰਿਕਾਰਡ ਰਜਿਸਟਰ, ਰੱਦੀ, ਕਿਤਾਬਾਂ, ਲੋਹਾ ਆਦਿ ਨੂੰ ਵੇਚਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਕਮਰਿਆਂ ਆਦਿ ਦੀ ਸਫਾਈ ਵੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਮਾਨ ਵੇਚਣ ਤੋਂ ਬਾਅਦ ਆਏ ਲਗਭਗ 35000 ਰੁਪਏ ਨੂੰ ਅਮਲਗਾਮੇਟਿਡ ਫੰਡ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਗੰਦਗੀ ਮੁਕਤ ਭਾਰਤ ਦੀ ਸਿਰਜਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਫਾਈ ਦੇ ਨਾਲ ਨਾਲ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਅਤੇ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਫਾਈ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਸਫਾਈ ਮੁਹਿੰਮ ਦੌਰਾਨ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਮਾਸਟਰਾਂ,ਹੈੱਡ ਮਾਸਟਰਾਂ, ਐਨ.ਜੀ.ਓ ਅਤੇ ਪਤਵੰਤੇ ਸੱਜਣਾਂ ਵੱਲੋਂ ਸਫਾਈ ਸਬੰਧੀ ਭਾਸ਼ਣ ਵੀ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਸੰਸਥਾਵਾਂ ਨੂੰ ਅਸਲੀ ਮਾਇਨੇ ਵਿੱਚ ਸਿੱਖਿਆ ਦਾ ਪ੍ਰਸਾਰ ਕਰਨ ਲਈ ਇੱਕ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਸਰਕਾਰ ਵੱਲੋਂ ਹਰ ਉਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਨਾ ਕੇਵਲ ਸਿੱਖਿਆ ਦਾ ਮਹੱਤਵ ਹੀ ਸਿਖਾਇਆ ਜਾਵੇ, ਬਲਕਿ ਉਨ੍ਹਾਂ ਤੇ ਜੀਵਨ ਭਰ ਦੇ ਲਈ ਇੱਕ ਚੰਗੀ ਅਮਿੱਟ ਛਾਪ ਵੀ ਛੱਡੀ ਜਾ ਸਕੇ।