ਔਟਾਵਾ: ਭਾਰਤ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਜੁਟ ਗਏ ਹਨ। ਇਸ ਕੋਸ਼ਿਸ਼ ਦੇ ਤਹਿਤ ਕੈਨੇਡੀਅਨ ਆਰਮਡ ਫੋਰਸਿਜ਼ ਦੀ ਦੀਆਂ ਪਹਿਲੀਆਂ ਦੋ ਉਡਾਣਾਂ ਨੇ ਇਜ਼ਰਾਈਲ ਤੋਂ ਵੀਰਵਾਰ ਨੂੰ ਅੰਦਾਜ਼ਨ 281 ਕੈਨੇਡੀਅਨ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਉਡਾਣ ਭਰੀ। ਜਸਟਿਨ ਟਰੂਡੋ ਸਰਕਾਰ ਦੀ ਅਗਲੇ ਦਿਨਾਂ ਵਿੱਚ ਹੋਰ ਉਡਾਣਾਂ ਭੇਜਣ ਦੀ ਵੀ ਯੋਜਨਾ ਹੈ।ਸੀਨੀਅਰ ਸਰਕਾਰੀ ਅਧਿਕਾਰੀਆਂ ਅਨੁਸਾਰ 128 ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਣ ਵੀਰਵਾਰ ਦੁਪਹਿਰ ਤੇਲ ਅਵੀਵ ਤੋਂ ਰਵਾਨਾ ਹੋਈ ਅਤੇ ਏਥਨਜ਼ ਵਿੱਚ ਸੁਰੱਖਿਅਤ ਉਤਰ ਗਈ, ਜਦੋਂ ਕਿ 153 ਯਾਤਰੀਆਂ ਨੂੰ ਲੈ ਕੇ ਦੂਜੀ ਉਡਾਣ ਦੇ ਅੱਜ ਸ਼ਾਮ ਦੇ ਬਾਅਦ ਸੁਰੱਖਿਅਤ ਉਤਰਨ ਦੀ ਉਮੀਦ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ,”ਦੇਸ਼ ਅਤੇ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਦੀ ਸੁਰੱਖਿਆ ਹਮੇਸ਼ਾ ਸਾਡੀ ਪ੍ਰਮੁੱਖ ਤਰਜੀਹ ਹੈ। ਜ਼ਮੀਨੀ ਸਥਿਤੀ ਅਸਥਿਰ ਹੈ, ਅਸੀਂ ਸਰਗਰਮੀ ਨਾਲ ਆਪਣੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਕੈਨੇਡਾ ਵਾਪਸ ਆਉਣ ਵਿੱਚ ਮਦਦ ਕਰ ਰਹੇ ਹਾਂ,”।