ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਪਿੰਡੀ ‘ਚ ਕਾਰਜਾਂ ਦਾ ਜਾਇਜ਼ਾ ਲਿਆ। ਉਹ ਆਪਣੇ ਦੌਰੇ ਦੌਰਾਨ ਸ਼ਾਹਕੋਟ ਲੋਹੀਆਂ ਵੀ ਗਏ। ਭਗਵੰਤ ਮਾਨ ਮੰਡਾਲਾ ਦੇ ਉਸ ਸਥਾਨ ‘ਤੇ ਵੀ ਗਏ, ਜਿੱਥੇ ਧੁੱਸੀ ਬੰਨ੍ਹ ਟੁਟਿਆ ਸੀ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੁਸ਼ੀਲ ਰਿੰਕ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ। ਇਥੇ ਦੱਸ ਦੇਈਏ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੰਗਤ ਸਮੇਤ ਮਿੱਟੀ ਦੀਆਂ ਬੋਰੀਆਂ ਪਾ ਕੇ ਬੰਨ੍ਹ ਦੀ ਮੁੜ ਉਸਾਰੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਤਲੁਜ ਦਰਿਆ ’ਤੇ ਮੰਡਾਲਾ ਛੰਨਾ ਵਿਖੇ ਬਣਾਏ ਗਏ ਧੁੱਸੀ ਬੰਨ੍ਹ ਦੀ ਮੁੜ ਉਸਾਰੀ ਲਈ ਵੀ ਸ਼ਲਾਘਾ ਕੀਤੀ। ਇਹ ਹਾਲ ਹੀ ਵਿੱਚ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਟੁੱਟ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ। ਉਨ੍ਹਾਂ ਟੁੱਟੇ ਬੰਨ੍ਹ ਦੀ ਬਹਾਲੀ ਦਾ ਮੁਆਇਨਾ ਵੀ ਕੀਤਾ ਅਤੇ ਇਸ ਤੋਂ ਬਾਅਦ ਉਹ ਕਿਸ਼ਤੀ ਵਿੱਚ ਬੈਠ ਪਾਣੀ ਵਿੱਚ ਡੁੱਬੇ ਪਿੰਡਾਂ ਦਾ ਦੌਰਾ ਕਰਨ ਲਈ ਨਿਕਲੇ।