ਸੁਲਤਾਨਪੁਰ ਲੋਧੀ – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸੁਲਤਾਨਪੁਰ ਲੋਧੀ ’ਚ ਐਤਵਾਰ ਖਾਲਸਈ ਜਾਹੋ-ਜਲਾਲ ਨਾਲ ਸਜਾਏ ਗਏ ਅਲੌਕਿਕ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ’ਤੇ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਹੀ ਸਵਾਗਤ ਕੀਤਾ ਗਿਆ।
ਨਗਰ ਕੀਰਤਨ ’ਚ ਮਾਤਾ ਤ੍ਰਿਪਤਾ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ ਬੱਬੂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਅਤੇ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ ਦੀਆਂ ਸੰਗਤਾਂ ਵੀ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰਬਾਣੀ ਦਾ ਜਾਪ ਕੀਤਾ। ਨਗਰ ਕੀਰਤਨ ਦੌਰਾਨ ਫੁੱਲਾਂ ਦੀ ਸੇਵਾ ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਅਤੇ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ’ਚ ਟਰੈਫਿਕ ਕੰਟਰੋਲ ਤੇ ਨਗਰ ਕੀਰਤਨ ਦੇ ਪਿੱਛੇ ਲੰਗਰ ਆਦਿ ਦੇ ਕੂੜੇ ਦੀ ਸਫ਼ਾਈ ਨਾਲ-ਨਾਲ ਕਰਨ ਦੀ ਸੇਵਾ ਨਿਭਾਈ।
ਇਸ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਬ੍ਰਿਟਿਸ਼ ਵਿਕਟੋਰੀਆ ਸਕੂਲ, ਸਿੱਖ ਮਿਸ਼ਨ ਅਕੈਡਮੀ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਬੈਂਡ ਵਾਜੇ ਨਾਲ ਸ਼ਮੂਲੀਅਤ ਕੀਤੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਟਾਫ ਨੇ ਵੀ ਭਾਗ ਲਿਆ। ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਦੀ ਸੇਵਾ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸੁਲਤਾਨਪੁਰ ਲੋਧੀ ਵੱਲੋਂ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਦੇਖ ਰੇਖ ’ਚ ਨਿਭਾਈ ਗਈ। ਇਸ ਸਮੇਂ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ। ਨਗਰ ਕੀਰਤਨ ’ਚ ਬੇਬੇ ਨਾਨਕੀ ਜੀ ਸਿਲਾਈ ਕੇਂਦਰ ਦੀਆਂ ਲੜਕੀਆਂ ਹੋਰ ਜਥੇਬੰਦੀਆਂ ਦੀਆਂ ਮਹਿਲਾਵਾਂ ਨੇ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਦੀ ਸੇਵਾ ਕੀਤਾ ਅਤੇ ਗੁਰੂ ਦਾ ਜਸ਼ ਗਾਇਨ ਕੀਤਾ।