ਸ਼ਿਮਲਾ :- ਜਾਣਿਆ ਪਛਾਣਿਆ ਟੂਰਿਸਟ ਸੂਬੇ ਤੇ ਸੁੰਦਰਤਾ ਤੇ ਠੰਢਾਈ
ਦੇ ਪ੍ਰਤੀਕ ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਦੇ ਚਲਦੇ ਕੁੱਲੂ ਜ਼ਿਲ੍ਹੇ ‘ਚ ਵੀਰਵਾਰ ਨੂੰ ਮੀਂਹ ਕਾਰਨ ਘੱਟੋ-ਘੱਟ 8 ਖਾਲੀ ਇਮਾਰਤਾਂ ਢਹਿ ਗਈਆਂ। ਹਿਮਾਚਲ ਪ੍ਰਦੇਸ਼ ਵਿੱਚ ਇਸ ਮਹੀਨੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕਰੀਬ 120 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਂਝ ਸੂਬੇ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਲੋਕ ਅਜੇ ਵੀ ਲਾਪਤਾ ਹਨ। ਐਨੀ ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ.) ਨਰੇਸ਼ ਵਰਮਾ ਨੇ ਕਿਹਾ ਕਿ ਢੱਠੀਆਂ ਇਮਾਰਤਾਂ ਵਿੱਚ ਦੁਕਾਨਾਂ, ਬੈਂਕ ਅਤੇ ਹੋਰ ਵਪਾਰਕ ਅਦਾਰੇ ਸ਼ਾਮਲ ਸਨ। 4-5 ਦਿਨ ਪਹਿਲਾਂ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਉਨ੍ਹਾਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਾਰੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਐਨੀ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ-305 ਦੇ ਨਾਲ ਸਥਿਤ ਕੁਝ ਹੋਰ ਅਸੁਰੱਖਿਅਤ ਇਮਾਰਤਾਂ ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਖਾਲੀ ਕਰਵਾ ਲਿਆ ਗਿਆ ਹੈ।